ਸਿੱਖ ਲੜਕੀ ਦੇ ਲਾਪਤਾ ਹੋਣ ‘ਤੇ ਭਾਰਤ ਨੇ ਪਾਕਿ ਡਿਪਲੋਮੈਟ ਨੂੰ ਚਾਰ ਦਿਨਾਂ ‘ਚ ਦੂਜੀ ਵਾਰ ਕੀਤਾ ਤਲਬ

0
23

ਨਵੀਂ ਦਿੱਲੀ 21 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪਾਕਿਸਤਾਨ ਵਿੱਚ ਸਿੱਖ ਲੜਕੀਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ‘ਤੇ ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਡਿਪਲੋਮੈਟ ਨੂੰ ਬੁਲਾ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਖਾਸ ਤੌਰ ‘ਤੇ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਦੀ ਧੀ ਬੁੱਲਬੁਲ ਕੌਰ ਨੂੰ ਲੈ ਕੇ ਭਾਰਤ ਨੇ ਆਪਣਾ ਇਤਰਾਜ਼ ਦਰਜ ਕੀਤਾ ਹੈ, ਜੋ ਪਿਛਲੇ 15 ਦਿਨਾਂ ਤੋਂ ਲਾਪਤਾ ਹੈ। ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਵਿੱਚ ਪਾਕਿ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ।

ਸਰਕਾਰੀ ਸੂਤਰਾਂ ਮੁਤਾਬਕ, ਭਾਰਤ ਨੇ ਬੁਲਬੁਲ ਕੌਰ ਦੇ ਲਾਪਤਾ ਹੋਣ ਤੇ ਇਸ ਦਾ ਪਤਾ ਲਾਉਣ ਵਿੱਚ ਪਾਕਿ ਸਰਕਾਰ ਦੀ ਨਾਕਾਮਯਾਬੀ ‘ਤੇ ਫਿਰ ਸਖ਼ਤ ਵਿਰੋਧ ਜਤਾਇਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤ ਨੇ ਇੱਕ ਪਾਕਿ ਡਿਪਲੋਮੈਟ ਨੂੰ ਬੁਲਾਇਆ ਸੀ ਤੇ ਨਾ ਸਿਰਫ ਆਪਣੀ ਨਾਰਾਜ਼ਗੀ ਦਰਜ ਕੀਤੀ ਸੀ, ਬਲਕਿ 48 ਘੰਟਿਆਂ ਵਿੱਚ ਲੜਕੀ ਦਾ ਪਤਾ ਲਾਉਣ ਦੀ ਬੇਨਤੀ ਕੀਤੀ ਸੀ।

ਦੱਸ ਦਈਏ ਕਿ ਸਿੱਖਾਂ ਦੇ ਪਵਿੱਤਰ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਪ੍ਰੀਤਮ ਸਿੰਘ ਦੀ ਬੇਟੀ ਬੁਲਬੁਲ ਕੌਰ ਪਿਛਲੇ 15 ਦਿਨਾਂ ਤੋਂ ਲਾਪਤਾ ਹੈ। ਸਿੱਖ ਨੇਤਾਵਾਂ ਮੁਤਾਬਕ ਬੁਲਬੁਲ ਕੌਰ 31 ਅਗਸਤ ਨੂੰ ਰਾਤ 10 ਵਜੇ ਆਪਣੇ ਘਰ ਨੇੜੇ ਕੂੜਾ ਸੁੱਟਣ ਗਈ ਸੀ ਪਰ ਉਸ ਤੋਂ ਬਾਅਦ ਵਾਪਸ ਨਹੀਂ ਪਰਤੀ। ਪਰਿਵਾਰ ਨੇ ਇਸ ਮਾਮਲੇ ‘ਤੇ ਪੁਲਿਸ-ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਅਜੇ ਤੱਕ ਬੁਲਬੁਲ ਦੀ ਕੋਈ ਖ਼ਬਰ ਨਹੀਂ। ਪਰਿਵਾਰਕ ਮੈਂਬਰਾਂ ਨੂੰ ਡਰ ਹੈ ਕਿ ਬੁਲਬੁਲ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰ ਉਸ ਦਾ ਵਿਆਹ ਕਿਸੇ ਮੁਸਲਮਾਨ ਨਾਲ ਨਾ ਕਰਵਾ ਦਿੱਤਾ ਹੋਵੇ।

ਹਾਲ ਹੀ ਵਿੱਚ ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਵਿੱਚ ਪੰਜਾਬ, ਸਿੰਧ ਦੇ ਖੇਤਰ ਵਿੱਚ ਹਿੰਦੂਆਂ, ਸਿੱਖਾਂ ਸਣੇ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਅੱਤਿਆਚਾਰਾਂ, ਅਗਵਾ ਕਰਨ ਤੇ ਜਬਰੀ ਧਰਮ ਪਰਿਵਰਤਨ ਦੇ ਕੇਸ ਉਠਾਏ ਗਏ ਸੀ।

ਜਨਵਰੀ 2020 ਵਿਚ ਪਾਕਿ ਸੁਪਰੀਮ ਕੋਰਟ ਨੇ ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਬਾਰੇ ਅਦਾਲਤ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਇੱਕ ਮੈਂਬਰੀ ਕਮਿਸ਼ਨ ਬਣਾਇਆ ਸੀ। ਇਸ ਤੋਂ ਇਲਾਵਾ, ਨਵੰਬਰ 2019 ਵਿੱਚ ਜਬਰੀ ਧਰਮ ਪਰਿਵਰਤਨ ਵਿਰੁੱਧ 22 ਮੈਂਬਰੀ ਸਰਬ ਪਾਰਟੀ ਸੰਪਰਦਾਈ ਸਮੂਹ ਵੀ ਬਣਾਇਆ ਗਿਆ ਸੀ। ਹਾਲਾਂਕਿ, ਇਨ੍ਹਾਂ ਉਪਾਵਾਂ ਦਾ ਜ਼ਮੀਨੀ ਪ੍ਰਭਾਵ ਬੇਨਤਿਜਾ ਰਿਹਾ।

NO COMMENTS