ਮਾਨਸਾ13 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ ) “ਸਿੱਖ ਕੌਮ ਦੇ ਕਾਤਲ ਫਿ਼ਲਮੀ ਨਾਇਕ ਅਮਿਤਾਬ ਬਚਨ ਵੱਲੋਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਬਣਾਏ ਜਾ ਰਹੇ ਕੋਵਿਡ ਹਸਪਤਾਲ ਲਈ ਭੇਜੀ ਗਈ 2 ਕਰੋੜ ਰੁਪਏ ਦੀ ਰਾਸ਼ੀ ਦੇ ਸਿੱਖ ਕੌਮ ਦੀਆ ਮਰਿਯਾਦਾਵਾਂ ਤੇ ਨਿਯਮਾਂ ਦਾ ਘਾਣ ਕਰਨ ਵਾਲੇ ਅਤਿ ਗੰਭੀਰ ਮੁੱਦੇ ਉਤੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਚੁੱਪੀ ਧਾਰੀ ਹੋਈ ਹੈ, ਉਹ ਅਤਿ ਅਫ਼ਸੋਸਨਾਕ ਨਮੋਸ਼ੀ ਵਾਲਾ ਵਰਤਾਰਾ ਹੈ । ਜਦੋਂਕਿ ਕੌਮ ਦੇ ਅਜਿਹੇ ਗੰਭੀਰ ਮੁੱਦਿਆ ਉਤੇ ਦ੍ਰਿੜਤਾ ਤੇ ਸਖ਼ਤੀ ਨਾਲ ਸਟੈਂਡ ਲੈਕੇ ਆਵਾਜ਼ ਉਠਾਉਣਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਦਾ ਪਰਮ-ਧਰਮ ਕੌਮੀ ਫਰਜ ਬਣਦਾ ਹੈ, ਜਿਸਨੂੰ ਸੰਜ਼ੀਦਗੀ ਨਾਲ ਪੂਰਾ ਨਹੀਂ ਕੀਤਾ ਜਾ ਰਿਹਾ । ਜੋ ਕੌਮੀ ਭਾਵਨਾਵਾਂ ਨੂੰ ਨਜ਼ਰ ਅੰਦਾਜ ਕਰਨ ਵਾਲੀ ਕਾਰਵਾਈ ਹੈ।”
ਇਹ ਵਿਚਾਰ ਭਾਈ ਸੁਖਚੈਨ ਸਿੰਘ ਅਤਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜ਼ਿਲ੍ਹਾ ਮਾਨਸਾ ਨੇ ਫਿ਼ਲਮੀ ਨਾਇਕ ਅਤੇ ਸਿੱਖ ਕੌਮ ਦੇ ਕਾਤਲ ਅਮਿਤਾਬ ਬਚਨ ਵੱਲੋਂ 2 ਕਰੋੜ ਰੁਪਏ ਦੀ ਰਾਸੀ, ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਵਿਖੇ ਸੁਰੂ ਹੋਣ ਜਾ ਰਹੇ ਕੋਵਿਡ ਹਸਪਤਾਲ ਨੂੰ ਦੇਣ ਦੇ ਗੰਭੀਰ ਮਾਮਲੇ ਉਤੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਧਾਰੀ ਗਈ ਚੁੱਪੀ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ ।
ਭਾਈ ਅਤਲਾ ਨੇ ਖ਼ਾਲਸਾ ਪੰਥ ਦੇ ਇਨਸਾਨੀਅਤ ਪੱਖੀ ਉਦਮਾਂ ਵਿਚ ਕਿਸੇ ਸਰਕਾਰ, ਹੁਕਮਰਾਨ ਜਾਂ ਇਨਸਾਨੀਅਤ ਦੇ ਕਾਤਲ ਵੱਲੋਂ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਨੂੰ ਪ੍ਰਵਾਨ ਨਾ ਕਰਨ ਦੀ ਮਹਾਨ ਸਿੱਖੀ ਰਵਾਇਤ ਸੰਬੰਧੀ ਇਤਿਹਾਸਿਕ ਵੇਰਵਾ ਦਿੰਦੇ ਹੋਏ ਕਿਹਾ ਕਿ ਜਦੋਂ ਬਾਦਸ਼ਾਹ ਅਕਬਰ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਵਿਖੇ ਆਏ ਸਨ, ਤਾਂ ”ਪਹਿਲੇ ਪੰਗਤ, ਪਾਛੇ ਸੰਗਤ” ਦੀ ਸਿੱਖੀ ਰਵਾਇਤ ਅਨੁਸਾਰ ਸਿੰਘਾਂ ਨੇ ਬਾਦਸ਼ਾਹ ਅਕਬਰ ਨੂੰ ਗੁਰੂ ਕੇ ਲੰਗਰ ਵਿਚ ਪੰਗਤ ਕਰਨ ਦੀ ਬੇਨਤੀ ਕੀਤੀ, ਉਪਰੰਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਗੱਲ ਕੀਤੀ । ਬਾਦਸ਼ਾਹ ਅਕਬਰ ਨੇ ਲੰਗਰ ਵਿਚ ਪੰਗਤ ਕਰਨ ਉਪਰੰਤ ਆਪਣੇ ਮਨ-ਆਤਮਾ ਤੋਂ ਵੱਡੀ ਖੁਸ਼ੀ ਮਹਿਸੂਸ ਕਰਦੇ ਹੋਏ ਗੁਰੂ ਸਾਹਿਬ ਨਾਲ ਮੁਲਾਕਾਤ ਸਮੇਂ ਇਹ ਇੱਛਾ ਪ੍ਰਗਟਾਈ ਕਿ ਜੋ ਗੁਰੂ ਦੇ ਲੰਗਰ ਚੱਲ ਰਹੇ ਹਨ, ਇਹ ਇਸੇ ਤਰ੍ਹਾਂ ਚੱਲਦੇ ਰਹਿਣੇ ਚਾਹੀਦੇ ਹਨ, ਪਰ ਇਨ੍ਹਾਂ ਲੰਗਰਾਂ ਨੂੰ ਚੱਲਦੇ ਰੱਖਣ ਲਈ ਮੈਂ ਲੰਗਰ ਦੇ ਨਾਮ ਜਗੀਰ ਲਗਾ ਦਿੰਦਾ ਹਾਂ । ਉਪਰੰਤ ਗੁਰੂ ਸਾਹਿਬ ਨੇ ਜੁਆਬ ਦਿੱਤਾ ਖ਼ਾਲਸਾ ਪੰਥ ਦੇ ਲੰਗਰ ਅਤੇ ਹੋਰ ਕਾਰਜ ਸਭ ਸੰਗਤਾਂ ਦੇ ਦਸਵੰਧ ਰਾਹੀ ਹੀ ਚੱਲਦੇ ਹਨ ਅਤੇ ਬਾਦਸ਼ਾਹ ਅਕਬਰ ਵੱਲੋਂ ਜਿਤਾਈ ਗਈ ਇੱਛਾ ਨੂੰ ਪ੍ਰਵਾਨ ਨਾ ਕਰਕੇ ਗੁਰੂ ਸਾਹਿਬ ਨੇ ”ਸੰਗਤ” ਨੂੰ ਵੱਡਾ ਰੁਤਬਾ ਪ੍ਰਦਾਨ ਕੀਤਾ । ਜਦੋਂ ਅਕਬਰ ਬਾਦਸ਼ਾਹ ਵਰਗਿਆ ਵੱਲੋਂ ਦਿੱਤੀ ਜਾਣ ਵਾਲੀ ਮਦਦ ਨੂੰ ਗੁਰੂ ਸਾਹਿਬ ਨੇ ਅਪ੍ਰਵਾਨ ਕਰ ਦਿੱਤਾ ਤਾਂ ਅਮਿਤਾਬ ਬਚਨ ਵਰਗੇ ਸਿੱਖ ਕੌਮ ਦੇ ਕਾਤਲ ਵੱਲੋਂ ਕਿਸੇ ਤਰ੍ਹਾਂ ਦੀ ਭੇਜੀ ਗਈ ਮਦਦ ਸਿੱਖ ਕੌਮ ਕਿਵੇਂ ਪ੍ਰਵਾਨ ਕਰ ਸਕਦੀ ਹੈ ? ਇਸ ਲਈ ਮੇਰੀ ਜੱਥੇਦਾਰ ਨੂੰ ਕੌਮੀ ਰਵਾਇਤਾ ਅਤੇ ਅਸੂਲਾਂ ਦੇ ਬਿਨ੍ਹਾਂ ਤੇ ਇਹ ਅਪੀਲ ਹੈ ਕਿ ਉਹ ਸ. ਮਨਜਿੰਦਰ ਸਿੰਘ ਸਿਰਸਾ ਵੱਲੋਂ ਅਮਿਤਾਬ ਬਚਨ ਵੱਲੋਂ ਭੇਜੀ ਰਾਸੀ ਨੂੰ ਰੱਦ ਕਰਕੇ ਉਸਨੂੰ ਵਾਪਸ ਕਰਨ ਲਈ ਆਪਣੇ ਖਿਆਲਾਤ, ਬਿਆਨ ਜਨਤਕ ਤੌਰ ਤੇ ਜਾਰੀ ਕਰਨ ਅਤੇ ਇਸ ਮਹਾਨ ਕੌਮੀ ਰਵਾਇਤ ਨੂੰ ਮਜ਼ਬੂਤ ਕਰਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜੱਥੇਦਾਰ ਸਿੱਖ ਕੌਮ ਦੀ ਇਸ ਮਹਾਨ ਰਵਾਇਤ ਤੇ ਪਹਿਰਾ ਦੇਣਗੇ।