
ਮਾਨਸਾ, 17 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ)ਕਰੋਨਾ ਕਰਫਿਊ ਦੇ ਮੱਦੇਨਜਰ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਸਿੱਖਿਆ ਦੇ ਨਾਲ ਨਾਲ ਹੁਣ ਵਿਦਿਆਰਥੀਆਂ ਦੀਆਂ ਸਾਹਿਤਕ ,ਸਭਿਆਚਾਰ ਰੁਚੀਆਂ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਹੋਣ ਲੱਗੇ ਹਨ। ਅਜਿਹੇ ਹੀ ਉਪਰਾਲੇ ਦੀ ਸ਼ੁਰੂਆਤ ਮਾਨਸਾ ਦੇ ਸਾਹਿਤਕਾਰ ਅਧਿਆਪਕਾਂ ਵੱਲੋਂ ਕੀਤੀ ਗਈ, ਜਦੋੰ ਜ਼ੂਮ ਐਪ ਤੇ ਉੱਘੇ ਸ਼ਾਇਰ ਅਧਿਆਪਕ ਗੁਰਪ੍ਰੀਤ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰੂ ਬ ਰੂ ਹੋਏ।
ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉੱਘੇ ਰੰਗਕਰਮੀ ਮਨਜੀਤ ਕੌਰ ਔਲਖ ਨੇ ਇਸ ਨਿਵੇਕਲੇ ਪ੍ਰੋਗਰਾਮ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਕਰੋਨਾ ਕਰਫਿਊ ਦੀ ਔਖੀ ਘੜੀ ਦੌਰਾਨ ਅਜਿਹੇ ਸਮਾਗਮ ਰਚਾਉਣਾ ਅਤੇ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਚ ਸ਼ਾਮਲ ਕਰਵਾਉਣਾ ਹਮੇਸ਼ਾਂ ਵਾਂਗ ਮਾਨਸਾ ਤੋਂ ਸ਼ੁਰੂ ਹੋਣ ਵਾਲੇ ਇਨਕਲਾਬੀ ਸੁਧਾਰਾਂ ਦੀ ਪਹਿਲ ਕਦਮੀ ਹੈ, ਜਿਸ ਦੇ ਭਵਿੱਖ ਚ ਸਾਰਥਿਕ ਸਿੱਟੇ ਸਾਹਮਣੇ ਆਉਣਗੇ।
ਸ਼ਾਇਰ ਗੁਰਪ੍ਰੀਤ ਨੇ ਅਪਣੇ ਰੂ ਬ ਰੂ ਦੌਰਾਨ ਕਿਹਾ ਕਿ ਸਾਹਿਤਕਾਰ ਅਧਿਆਪਕ ਆਪਣੇ ਵਿਦਿਆਰਥੀਆਂ ਚ ਆਮ ਪੜ੍ਹਾਈ ਦੇ ਨਾਲ ਉਨ੍ਹਾਂ ਦੀਆਂ ਸਹਿਤਕ,ਸਭਿਆਚਾਰ ਰੁਚੀਆਂ ਨੂੰ ਪ੍ਰਫੁੱਲਤ ਕਰਕੇ ਵੱਡੀਆਂ ਇਨਕਲਾਬੀ ਤਬਦੀਲੀ ਲਿਆ ਸਕਦੇ ਹਨ ,ਉਨ੍ਹਾਂ ਕਿਹਾ ਕਿ ਸਹਿਮ ਅਤੇ ਸੰਕਟ ਦਾ ਇਹ ਸਮਾਂ ਮਨੁਖਾਂ ਨੂੰ ਬਹੁਤ ਕੁਝ ਸਿਖਾ ਰਿਹਾ ਹੈ। ਜੇਕਰ ਅਜੇ ਵੀ ਅਸੀਂ ਨਹੀਂ ਸਿੱਖਦੇ ਤਾਂ ਇਸ ਦਾ ਖਮਿਆਜ਼ਾ ਸਾਨੂੰ ਵੀ ਭੁਗਤਣਾ ਪੈਣਾ ਹੈ। ਇਹ ਸਮਾਂ ਸਾਨੂੰ ਦੱਸ ਰਿਹਾ ਹੈ ਕਿ ਅਸੀਂ ਇਕ ਅਜਿਹੀ ਦੌੜ ਵਿੱਚ ਹਾਂ ਜੋ ਸਾਨੂੰ ਕਿਤੇ ਪਹੁੰਚਾਉਂਦੀ ਨਹੀਂ, ਸਾਡਾ ਮੁਕਾਮ ਕੁਦਰਤ ਨਾਲ ਇਕਮਿਕਤਾ ਹੈ ਅਤੇ ਇੱਕ ਦੂਜੇ ਨਾਲ ਸਹਿਯੋਗ ਤੇ ਪ੍ਰੇਮ ਭਾਵ ਦਾ ਹੈ। ਸਾਹਿਤ ਵੀ ਸਾਨੂੰ ਇਹੋ ਸਿਖਾਉਂਦਾ ਹੈ। ਧਰਤੀ ਨਾਲ ਜੁੜਨਾ, ਨਿਮਰ ਹੋਣਾ, ਦੂਜਿਆਂ ਦੇ ਦੁੱਖਾਂ ਸੁੱਖਾਂ ਵਿੱਚ ਸ਼ਰੀਕ ਹੋਣਾ ਹੀ ਮਨੁੱਖ ਦਾ ਅਸਲ ਕਾਰਜ ਹੈ। ਕਵਿਤਾ ਇਨ੍ਹਾਂ ਗੱਲਾਂ ਨੂੰ ਆਪਣੇ ਹੀ ਤਰੀਕੇ ਨਾਲ ਪ੍ਰਸਤੁਤ ਕਰਦੀ ਹੋਈ ਮਨੁੱਖ ਦੇ ਅੰਦਰ ਦੀਆਂ ਬਾਤਾਂ ਪਾਉਂਦੀ ਹੈ। ਜਿਹੜਾ ਬੰਦਾ ਆਪਣੇ ਆਪ ਨੂੰ ਪਿਆਰ ਕਰਦਾ ਹੈ ਤੇ ਆਪਣਾ ਸਤਿਕਾਰ ਕਰਦਾ ਹੈ, ਉਹੀ ਦੂਜੇ ਨੂੰ ਪਿਆਰ ਕਰ ਸਕਦਾ ਹੈ, ਸ਼ਾਇਰ ਗੁਰਪ੍ਰੀਤ ਨੇ ਜਪਾਨੀ ਕਾਵਿ ਵਿਸ਼ਾ ‘ਹਾਇਕੂ’ ਬਾਰੇ ਜਾਣਕਾਰੀ ਕੁਝ ਉਦਾਹਰਨਾਂ ਰਾਹੀਂ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਵਿਧਾ ‘ਚ ਆਪਣੀ ਗੱਲ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਲਿਖਣ ਲਈ ਵਿਸ਼ੇਸ਼ ਤੌਰ ਤੇ ਸਾਡੇ ਆਲੇ ਦੁਆਲੇ ਹੀ ਹੁੰਦੇ ਹਨ। ਅਨੁਭਵ ਅਤੇ ਅਹਿਸਾਸ ਹੀ ਸਾਨੂੰ ਚੀਜ਼ਾਂ ਦੇਖਣ, ਸਮਝਣ ਦਾ ਨਵਾਂ ਕੌਣ ਦਿੰਦੇ ਹਨ।
ਜ਼ੂਮ ਰਾਹੀਂ ਰੂ ਬ ਰੂ ਹੁੰਦਿਆਂ ਸ਼ਾਇਰ ਗੁਰਪ੍ਰੀਤ ਨੇ ਪੰਜਾਬੀ ਦੀਆਂ ਕੁਝ ਮਹੱਤਵਪੂਰਨ ਕਿਤਾਬਾਂ ਦੀ ਜਾਣ ਪਹਿਚਾਣ ਵੀ ਕਰਵਾਈ। ਉਨ੍ਹਾਂ ਦੱਸਿਆ ਕਿ ਨੂੰ ਜਦੋਂ ਮਹਾਂਮਾਰੀ ਤੋਂ ਬਚਣ ਤੋਂ ਲਈ ਅਸੀਂ ਘਰਾਂ ‘ਚ ਹਾਂ ਤੇ ਬਹੁਤ ਸਾਰੀਆਂ ਕਿਤਾਬਾਂ ਦੀਆਂ ਪੀ ਡੀ ਐੱਫ ਵੀ ਮੌਜੂਦ ਹਨ ਤੇ ਸਾਨੂੰ ਇਸ ਸਮੇਂ ਇਨ੍ਹਾਂ ਕਿਤਾਬਾਂ ਨਾਲ ਜੁੜ ਜਾਣਾ ਚਾਹੀਦਾ ਹੈ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਭਾਰਤੀ ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਲਾਭ ਸਿੰਘ ਨੇ ਜ਼ੂਮ ਐਪ ਤੇ ਅਜਿਹੇ ਨਿਵੇਕਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਰਾਜੇਸ਼ ਬੁਢਲਾਡਾ ਅਤੇ ਸਾਰੇ ਸਾਹਿਤਕਾਰ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਕਿ ਅਜਿਹੇ ਸਾਰਥਿਕ ਸਮਾਗਮਾਂ ਨੂੰ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਆਰਗੇਨਾਈਜੇਸ਼ਨ ਕਮਿਸ਼ਨਰ ਭਾਰਤ ਸਕਾਊਟ ਅਤੇ ਗਾਈਡ ਲੈਕਚਰਾਰ ਦਰਸ਼ਨ ਬਰੇਟਾ, ਸ਼ਾਇਰ ਅਧਿਆਪਕ ਕੁਲਵਿੰਦਰ ਬੱਛੋਆਣਾ, ਨੈਸ਼ਨਲ ਅਵਾਰਡੀ ਅਮਰਜੀਤ ਰੱਲੀ, ਪੰਜਾਬੀ ਅਧਿਆਪਕ ਬਲਵਿੰਦਰ ਸਿੰਘ ਬੁਢਲਾਡਾ,ਜਗਜੀਵਨ ਆਲੀਕੇ,ਯੋਗਿਤਾ ਜੋਸ਼ੀ , ਮਹਿੰਦਰਪਾਲ ਬਰੇਟਾ ਨੇ ਆਪਣੇ ਸੁਝਾਅ ਦਿੰਦਿਆਂ ਇਸ ਪ੍ਰੋਗਰਾਮ ਨੂੰ ਸਾਰਥਿਕ ਬਣਾਉਣ ਦਾ ਸੱਦਾ ਦਿੱਤਾ। ਇਸ ਮੋਕੇ ਪ੍ਰਿੰਸੀਪਲ ਡਾ ਬੂਟਾ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਗੁਰਨੈੰਬ ਮੰਘਾਣੀਆਂ, ਜ਼ਿਲ੍ਹਾ ਮੈਂਟਰ ਬਲਜਿੰਦਰ ਜੋੜਕੀਆਂ, ਕਰਨੈਲ ਵੈਰਾਗੀ, ਲੈਕਚਰਾਰ ਗੁਰਪਾਲ ਸਿੰਘ ਚਹਿਲ, ਹੈੱਡ ਮਾਸਟਰ ਗੁਰਦਾਸ ਸਿੰਘ ਦੋਦੜਾ, ਪ੍ਰਿੰਸੀਪਲ ਜਤਿੰਦਰ ਬਾਂਸਲ ਕਾਹਨਨਗੜੵ, ਪਰਮਜੀਤ ਸੈਣੀ ਗੜੱਦੀ, ਪ੍ਰਿੰਸੀਪਲ ਓਮ ਪ੍ਰਕਾਸ਼ ਮਿੱਡਾ, ਪ੍ਰਿੰਸੀਪਲ ਮਦਨ ਲਾਲ ਕਟਾਰੀਆ, ਕੁਲਵਿੰਦਰ ਸਿੰਘ ਸੀਐੱਚਟੀ, ਮੈਡਮ ਆਰਤੀ, ਸੁਰਿੰਦਰ ਕੌਰ, ਗੁਰਪ੍ਰੀਤ ਚਹਿਲ, ਗੁਰਪ੍ਰੀਤ ਕੌਰ ਅੰਗਰੇਜ਼ੀ ਮਿਸਟੈ੍ਸ, ਰਾਜਿੰਦਰ ਕੌਰ ਆਲਮਪੁਰ ਮੰਦਰਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੌਰਾਨ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
