ਸਿੱਖਿਆ ਵਿਭਾਗ ਪੰਜਾਬ ਸੁੱਤਾ ਕੁੰਭਕਰਨੀ ਨੀਂਦ

0
62

ਮਾਨਸਾ 04 ਸਤੰਬਰ(ਸਾਰਾ ਯਹਾ, ਬਲਜੀਤ ਸ਼ਰਮਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਰਕਾਰ ਬਣਨ ਤੇ ਭਰੋਸਾ ਦਿੱਤਾ ਸੀ ਕਿ ਉਹਨਾਂ ਦੇ ਕਾਰਜਕਾਲ ਵਿੱਚ ਕਿਸੇ ਵੀ ਧਿਰ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਭਾਵੇਂ ਕਿ ਸਰਕਾਰ ਨੇ ਆਉਂਦਿਆ ਹੀ ਕਈ ਅਜਿਹੇ ਕੰਮ ਸ਼ੁਰੂ ਵੀ ਕੀਤੇ। ਇਹਨਾਂ ਵਿੱਚੋਂ ਇੱਕ ਕੰਮ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਆਨਲਾਈ ਕਰਨਾ ਵੀ ਸੀ। ਇਸੇ ਕੜੀ ਤਹਿਤ ਮੁੱਖ ਮੰਤਰੀ ਜੀ ਨੇ ਕਈ ਮੰਤਰੀਆਂ ਨੂੰ ਪਰਖਣ ਤੋਂ ਬਾਦ ਵਿਭਾਗ ਦੀ ਕਮਾਨ ਇੱਕ ਪੜ੍ਹੇ-ਲਿਖੇ ਕਾਬਲ ਮੰਤਰੀ ਨੂੰ ਸੌਂਪੀ। ਜਿਸ ਕਾਰਨ ਅਧਿਆਪਕਾਂ ਨੂੰ ਚੰਗੇ ਸਮੇਂ ਦੀ ਉਮੀਦ ਜਾਗੀ। ਪਰੰਤੂ ਇੱਕ ਸਾਲ ਆਨਲਾਈਨ ਬਦਲੀਆਂ ਕਰਨ ਤੋਂ ਬਾਦ ਹੀ ਅਧਿਆਪਕਾਂ ਦੀ ਉਮੀਦ ਟੁੱਟਦੀ ਜਾਪ ਰਹੀ ਹੈ। ਆਪਣਾ ਦਰਦ ਬਿਆਨ ਕਰਦਿਆਂ ਨਵਨਿਯੁਕਤ ਐੱਚ.ਟੀ./ ਸੀ.ਐੱਚ.ਟੀ. ਨੇ ਦੱਸਿਆ ਕਿ ਵਿਭਾਗ ਨੇ 2019 ਵਿੱਚ ਸਿੱਧੀ ਭਰਤੀ ਰਾਹੀਂ 1500 ਕਰੀਬ ਐੱਚ.ਟੀ. ਅਤੇ 375 ਸੀ.ਐੱਚ.ਟੀ. ਦੀ ਸਿੱਧੀ ਭਰਤੀ ਕੀਤੀ ਸੀ। ਉਸ ਸਮੇਂ ਜਿਲ੍ਹਿਆ ਵਿੱਚ ਪੋਸਟਾਂ ਖਾਲੀ ਨਾ ਹੋਣ ਕਾਰਨ ਵੱਡੀ ਗਿਣਤੀ ਅਧਿਆਪਕਾਂ ਨੂੰ ਘਰਾਂ ਤੋਂ 200-300 ਕਿ.ਮੀ. ਦੂਰ ਦੇ ਸਟੇਸ਼ਨ ਲੈਣੇ ਪਏ ਸਨ। ਉਸ ਸਮੇਂ ਅਧਿਆਪਕਾਂ ਨੇ ਇਹ ਸੋਚ ਕੇ ਦੂਰ-ਦੁਰਾਡੇ ਸਟੇਸ਼ਨ ਲਏ ਸਨ ਕਿ ਸ਼ਾਇਦ ਅਪ੍ਰੈਲ-ਮਈ ਵਿੱਚ ਬਦਲੀਆਂ ਸਮੇਂ ਉਹਨਾਂ ਦੀ ਘਰ ਵਾਪਸੀ ਹੋ ਜਾਵੇਗੀ। ਉਹਨਾਂ ਵਿੱਚੋਂ ਵੱਡੀ ਗਿਣਤੀ ਅਧਿਆਪਕ ਵਿਭਾਗ ਵਿੱਚ ਪਹਿਲਾਂ ਤੋਂ ਹੀ ਰੈਗੂਲਰ ਤੇ ਕੰਮ ਕਰ ਰਹੇ ਹਨ ਤੇ ਕਈ ਅਜਿਹੇ ਹਨ ਜੋ ਨਾਮਾਤਰ 10000 ਤਨਖਾਹਾਂ ਤੇ ਵੀ ਕੰਮ ਕਰ ਰਹੇ ਹਨ। ਵਿਭਾਗ ਵੱਲੋਂ ਜੂਨ 2020 ਵਿੱਚ ਅਧਿਆਪਕਾਂ ਤੋਂ ਆਨਲਾਈਨ ਬਦਲੀਆਂ ਕਰਵਾਉਣ ਹਿੱਤ ਅਪਲਾਈ ਕਰਾਇਆ ਗਿਆ ਸੀ ਪਰੰਤੂ ਅਗਸਤ ਬੀਤਣ ਵਾਂਗ ਹੈ ਪਰ ਅਜੇ ਤੱਕ ਬਦਲੀ ਪ੍ਰਕਿਰਿਆ ਦਾ ਕੋਈ ਨਾਮੋਨਿਸ਼ਾਨ ਨਹੀਂ ਹੈ। ਹਾਲਾਂਕਿ ਵਿਭਾਗ ਦੀ ਕਮਾਨ ਇੱਕ ਅਜਿਹ ਅਫ਼ਸਰ ਦੇ ਹੱਥ ਹੈ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਿਭਾਗੀ ਫੈਸਲਿਆਂ ਨੂੰ ਤੁਰੰਤ ਲਾਗੂ ਕਰਦੇ ਹਨ ਪ੍ਰੰਤੂ ਬਦਲੀਆਂ ਦੇ ਮਾਮਲੇ ਵਿੱਚ ਹੋ ਰਹੀ ਬੇਲੋੜੀਂ ਦੇਰੀ ਅਧਿਆਪਕਾਂ ਦੀ ਸਮਝ ਤੋਂ ਬਾਹਰ ਹੈ।

ਇਸ ਮੌਕੇ ਤੇ ਨਾਮ ਨਾ ਛਾਪਣ ਦੀ ਸ਼ਰਤ ਤੇ ਅਧਿਆਪਕਾਂ ਨੇ ਦੱਸਿਆ ਕਿ ਮਿੱਡ-ਡੇ ਮੀਲ, ਕੁਕਿੰਗ ਕਾਸਟ, ਵਜ਼ੀਫਾ ਵੰਡ, ਵਰਦੀਆਂ ਦੀ ਵੰਡ ਜਿਹੇ ਕੰਮਾਂ ਲਈ ਉਹਨਾਂ ਨੂੰ ਕੋਵਿਡ-19 ਦੇ ਔਖੇ ਸਮੇਂ ਵਿੱਚ ਵੀ ਹਫ਼ਤੇ ਵਿੱਚ ਘੱਟੋਂ-ਘੱਟ 2 ਵਾਰ ਆਪਣੇ ਸਕੂਲਾਂ ‘ਚ ਜਾਣਾ ਪੈਂਦਾ ਹੈ। ਜੋ ਕਿ ਇਹਨਾਂ ਲਈ ਤੇ ਖਾਸ ਕਰਕੇ ਮਹਿਲਾ ਅਧਿਆਪਕਾਂ ਲਈ ਬਹੁਤ ਔਖਾ ਹੈ। ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਹਨਾਂ ਨਵਨਿਯੁਕਤ ਐੱਚ.ਟੀ./ ਸੀ.ਐੱਚ.ਟੀ. ਅਧਿਆਪਕਾਂ ਦੀਆਂ ਬਦਲੀਆਂ ਉਹਨਾਂ ਦੇ ਪਿੱਤਰੀਂ ਜਿਲ੍ਹਿਆਂ ਵਿੱਚ ਕੀਤੀਆਂ ਜਾਣ ਤਾਂ ਜੋ ਇਹ ਅਧਿਆਪਕ ਆਪਣਾ ਕੰਮ ਹੋਰ ਵੀ ਤਨਦੇਹੀ ਨਾਲ ਕਰ ਸਕਣ।

LEAVE A REPLY

Please enter your comment!
Please enter your name here