
ਮਾਨਸਾ 26, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲ੍ਹੋਂ ਗਣਤੰਤਰ ਦਿਵਸ ਮੌਕੇ ਮਾਨਸਾ ਵਿਖੇ ਜ਼ਿਲ੍ਹਾ ਖੇਡ ਇੰਚਾਰਜ਼ ਪ੍ਰਾਇਮਰੀ ਹਰਦੀਪ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤੇ ਜਾਣ ‘ਤੇ ਪੰਜਾਬ ਭਰ ਦੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਸਨਮਾਨ ਉਨ੍ਹਾਂ ਦੀ ਅਗਵਾਈ ਵਿੱਚ ਮਾਨਸਾ ਵਿਖੇ ਸਟੇਟ ਪੈਟਰਨ ‘ਤੇ ਪਹਿਲੀ ਵਾਰ ਹੋਈਆਂ ਜ਼ਿਲ੍ਹਾ ਪ੍ਰਾਇਮਰੀ ਖੇਡਾਂ ਦੇ ਬੇ-ਮਿਸਾਲ ਪ੍ਰਬੰਧਾਂ ਅਤੇ ਸਟੇਟ ਪ੍ਰਾਇਮਰੀ ਖੇਡਾਂ ਪੰਜਾਬ ਦੌਰਾਨ ਮਾਨਸਾ ਦੀਆਂ ਸਮੂਹ ਟੀਮਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਬਦਲੇ ਮਿਲਿਆ ਹੈ। ਜ਼ਿਲ੍ਹਾ ਖੇਡ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਇਹ ਵਿਸ਼ੇਸ਼ ਸਨਮਾਨ ਆਪਣੇ ਖੇਡ ਅਧਿਆਪਕ ਸਾਥੀਆਂ ਅਤੇ ਨੰਨੇ ਖਿਡਾਰੀਆਂ ਨੂੰ ਸਮਰਪਿਤ ਕੀਤਾ ਹੈ, ਜਿੰਨ੍ਹਾਂ ਨੇ ਅਪਣੀ ਮਿਹਨਤ ਸਦਕਾ ਮਾਨਸਾ ਦਾ ਨਾਮ ਪ੍ਰਾਇਮਰੀ ਖੇਡਾਂ ‘ਚ ਪੰਜਾਬ ਭਰ ਚ ਰੋਸ਼ਨ ਕੀਤਾ। ਸਿੱਖਿਆ ਵਿਭਾਗ ਚ ਵਰਤਮਾਨ ਸਮੇਂ ਦੌਰਾਨ ਸਟੇਟ ਮੀਡੀਆ ਕੋਆਰਡੀਨੇਟਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹਰਦੀਪ ਸਿੱਧੂ ਆਪਣੀ ਈ ਟੀ ਟੀ ਟੀਚਰਜ਼ ਯੂਨੀਅਨ ਦੇ ਜਨਰਲ ਸਕੱਤਰ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹ ਪੰਜਾਬ ਦੇ ਪਹਿਲੇ ਅਧਿਆਪਕ ਨੇ ਜਿਨ੍ਹਾਂ ਨੂੰ ਇਕੋ ਮਹੀਨੇ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੀ ਸਨਮਾਨ ਕਰ ਰਿਹਾ ਅਤੇ ਪੰਜਾਬ ਦੇ ਅਧਿਆਪਕਾਂ ਦੀ ਵੱਡੀ ਸੰਘਰਸ਼ਸ਼ੀਲ ਜਥੇਬੰਦੀ ਡੀ ਟੀ ਐੱਫ ਵੀ ਆਪਣੇ ਸਲਾਨਾ ਰਾਜ ਪੱਧਰੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨ ਕਰ ਰਹੀ ਹੈ ਅਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੀ ਸ਼ਿਫਾਰਸ਼ ਤੇ ਸਿੱਖਿਆ ਮੰਤਰੀ ਪੰਜਾਬ ਉਨ੍ਹਾਂ ਨੂੰ ਸਨਮਾਨਿਤ ਕਰਕੇ ਗਏ ਹਨ। ਡੀ ਟੀ ਐੱਫ ਵੱਲ੍ਹੋਂ ਪਿਛਲੇ ਸਮੇਂ ਦੌਰਾਨ ਸਭਨਾਂ ਅਧਿਆਪਕ ਧਿਰਾਂ ਵੱਲ੍ਹੋ ਅਧਿਆਪਕਾਂ ਦੇ ਹੱਕਾਂ ਲਈ ਸਭ ਤੋ ਵੱਡੇ ਤੇ ਤਿੱਖੇ ਚੱਲੇ ਘੋਲ, ਜਿਸ ਦੌਰਾਨ ਹਰਦੀਪ ਸਿੱਧੂ ਨੂੰ ਨਵਾਂ ਸ਼ਹਿਰ ਦੇ ਦੂਰ ਦੁਰਾਡੇ ਇਕ ਪਿੰਡ ‘ਚ ਬਦਲ ਦਿੱਤਾ ਗਿਆ ਸੀ, 4 ਮਹੀਨਿਆਂ ਤੋਂ ਬਾਅਦ ਵਾਪਸ ਉਹ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੱਲ੍ਹੋ (ਕੱਲ੍ਹੋ ਸਿਟੀ) ਵਿਖੇ ਪਰਤੇ ਸਨ, ਦੇ ਬਦਲੇ ਨਿਭਾਈ ਭੂਮਿਕਾ ਬਦਲੇ ਦਿੱਤਾ ਗਿਆ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੱਲ੍ਹੋ ਜਿੱਥੇ ਬਣੀ ਟਰੇਨ ਵੀ ਮਸ਼ਹੂਰ ਹੈ, ਵਿਖੇ ਈ ਟੀ ਟੀ ਅਧਿਆਪਕ ਵਜੋਂ ਤੈਨਾਤ ਹਰਦੀਪ ਸਿੱਧੂ ਵਰਤਮਾਨ ਸਮੇਂ ਦੌਰਾਨ ਪ੍ਰਾਇਮਰੀ ਖੇਡਾਂ ਦੇ ਜ਼ਿਲ੍ਹਾ ਇੰਚਾਰਜ਼ ਦੇ ਨਾਲ ਸਟੇਟ ਮੀਡੀਆ ਕੋਆਰਡੀਨੇਟਰ ਦੇ ਤੌਰ ਤੇ ਵੀ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਵੱਲ੍ਹੋਂ ਪੰਜਾਬ ਦੇ ਮਿਹਨਤੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਵੱਡੇ ਪੱਧਰ ਤੇ ਉਭਾਰਕੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਦਾ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਸਟੇਟ ਮੀਡੀਆ ਕੋਆਰਡੀਨੇਟਰ ਦੇ ਤੌਰ ਤੇ ਉਸ ਵੇਲੇ ਨਿਯੁਕਤੀ ਹੋਈ, ਜਦੋਂ ਉਨ੍ਹਾਂ ਨੇ ਬੋਹਾ ਮਾਨਸਾ ਦੇ ਸ਼ਹੀਦ ਅੰਗਰੇਜ਼ ਸਿੰਘ ਸੈਕੰਡਰੀ ਸਕੂਲ ਦੀ ਨੇਵੀ ਮਿੱਤਲ ਸਮੇਤ 8 ਵਿਦਿਆਰਥੀਆਂ ਦੀ ਜਪਾਨ ਯੂਥ ਐਕਸਚੇਂਜ ਪ੍ਰੋਗਰਾਮ ਦੀ ਹੋਈ ਚੋਣ ਨੂੰ ਕਾਰਗਰ ਤਾਰੀਕੇ ਨਾਲ ਮੀਡੀਆ ਚ ਉਭਾਰ ਕੇ ਸਰਕਾਰੀ ਸਕੂਲਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਉਜਾਗਰ ਕੀਤਾ ਸੀ। ਉਨ੍ਹਾਂ ਵੱਲ੍ਹੋਂ ਹੁਣ ਤੱਕ ਸੈਂਕੜੇ ਆਰਟੀਕਲ, ਰਿਪੋਰਟਾਂ ਵੱਖ ਵੱਖ ਅਖਬਾਰਾਂ ਚ ਪ੍ਰਕਾਸ਼ਿਤ ਹੋ ਚੁੱਕੇ ਹਨ।ਉਹ ਨਾਲੋ-ਨਾਲ ਜ਼ਿਲ੍ਹੇ ਦੀਆਂ ਦੋ ਦਰਜ਼ਨ ਸਮਾਜ ਸੇਵਾ, ਖੇਡਾਂ, ਸੱਭਿਆਚਾਰ ਸੰਸਥਾਵਾਂ ਜਿਨ੍ਹਾਂ ‘ਚ ਪ੍ਰਮੁੱਖ ਪ੍ਰੋ ਅਜਮੇਰ ਔਲਖ ਯਾਦਗਾਰੀ ਮੰਚ ਮਾਨਸਾ, ਸੱਭਿਆਚਾਰ ਚੇਤਨਾ, ਸਭਿਆਚਾਰ ਅਤੇ ਸਮਾਜ ਸੇਵਾ ਮੰਚ ਮਾਨਸਾ, ਰੂਰਲ ਯੂਥ ਕਲੱਬ ਐਸੋਸੀਏਸ਼ਨ ਦੇ ਪ੍ਰਧਾਨ, ਜ਼ਿਲ੍ਹੇ ਚ ਸਕੂਲ ਸਕੂਲੁ ਲਾਇਬਰੇਰੀ ਦੇ ਪ੍ਰੋਜੈਕਟ ਚਲਾਉਣ ਵਾਲੀ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ, ਜ਼ਿਲ੍ਹਾ ਹਾਕੀ ਐਸੋਸੀਏਸ਼ਨ, ਜ਼ਿਲ੍ਹਾ ਬਾਸਕਟਬਾਲ, ਜ਼ਿਲ੍ਹਾ ਟੇਬਲ ਟੈਨਿਸ ਤੋ ਇਲਾਵਾ ਭਾਰਤ ਸਰਕਾਰ ਦੇ ਯੂਥ ਦੇ ਵੱਡੇ ਅਦਾਰੇ ਨਹਿਰੂ ਯੁਵਾ ਕੇਂਦਰ ਅਤੇ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ, ਪੁਲੀਸ ਵਿਭਾਗ ਦੇ ਸੁਵਿਧਾ ਕੇਂਦਰ ਆਦਿ ਵਿੱਚ ਆਪਣੀਆਂ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਸਿੱਧੂ ਦੀ ਕਲਮ ਦੇ ਵਿਸ਼ੇਸ਼ ਮੁਹਾਰਤ ਸਦਕਾ ਕਰੋਨਾ ਦੀ ਇਸ ਔਖੀ ਘੜੀ ਵਿੱਚ ਪੰਜਾਬ ਦੀ ਆਨ ਲਾਈਨ ਸਿੱਖਿਆ ਨੀਤੀ ਨੂੰ ਇੱਕ ਅਹਿਮ ਬਲ ਅਤੇ ਹੁਲਾਰਾ ਮਿਲਿਆ ਹੈ। ਹਰਦੀਪ ਸਿੰਘ ਸਿੱਧੂ ਦੇ ਖਾਸ ਕਰੀਬੀ ਮੰਨੇ ਜਾਂਦੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਸਕੂਲਾਂ ਦੀ ਸਿੱਖਿਆ ਵਿਭਾਗ ਵਿੱਚ ਲਈ ਵੀ ਸੰਘਰਸ਼ੀ ਘੋਲ ਚ ਵੱਡੀ ਭੂਮਿਕਾ ਨਿਭਾਈ।
