ਸਿੱਖਿਆ ਮੰਤਰੀ ਨੇ ਲੋਕਾਂ ਨੂੰ ਕੀਤਾ ਸੁਚੇਤ; ਮੁਫ਼ਤ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖਾਬਾਜ਼ਾਂ ਦੇ ਝਾਂਸੇ ‘ਚ ਨਾ ਆਉਣ

0
95

ਚੰਡੀਗੜ੍ਹ, 14 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) :ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਅਧੀਨ ਮੁਫ਼ਤ ਵਿੱਚ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖੇਬਾਜ਼ਾਂ ਦੇ ਝਾਂਸੇ ਵਿੱਚ ਨਾ ਆਉਣ।

ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮਾਂ ‘ਤੇ ਘੁੰਮ ਰਹੇ ਫ਼ਰਜ਼ੀ ਸੰਦੇਸ਼ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਸਿਰਫ਼ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਲਈ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਦੇ ਆਧਾਰ ‘ਤੇ ਮੁਫ਼ਤ ਵਿੱਚ ਸਮਾਰਟ ਫ਼ੋਨ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਲਈ ਹੋਰ ਲੋਕਾਂ ਨੂੰ ਅਜਿਹੀ ਸਕੀਮ ਦੇ ਘੇਰੇ ਵਿੱਚ ਲਿਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਨੇ ਅਜਿਹੀ ਕੋਈ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਦੀ ਸ਼ੁਰੂਆਤ ਨਹੀਂ ਕੀਤੀ, ਜਿਸ ‘ਤੇ ਸਮਾਰਟ ਫ਼ੋਨਾਂ ਲਈ ਰਜਿਸਟ੍ਰੇਸ਼ਨ ਹੋ ਰਹੀ ਹੋਵੇ। ਉਨ੍ਹਾਂ ਆਨਲਾਈਨ ਧੋਖੇਬਾਜ਼ਾਂ ਨੂੰ ਸਾਈਬਰ ਕ੍ਰਾਈਮ ਰੋਕਥਾਮ ਕਾਨੂੰਨਾਂ ਅਧੀਨ ਗੰਭੀਰ ਸਿੱਟੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮੋਬਾਈਲ ਸੰਦੇਸ਼ ਜਾਂ ਵਟਸਐਪ ਰਾਹੀਂ ਫੈਲਾਏ ਜਾ ਰਹੇ ਅਜਿਹੇ ਸੰਦੇਸ਼ਾਂ ਅਤੇ ਯੂ.ਆਰ.ਐਲ. ਲਿੰਕ ‘ਤੇ ਕਲਿੱਕ ਨਾ ਕਰਨ, ਜਿੱਥੇ ਸਰਕਾਰ ਵੱਲੋਂ ਮੁਫ਼ਤ ਸਮਾਰਟ ਫ਼ੋਨ ਦੇਣ ਲਈ ਰਜਿਸਟ੍ਰੇਸ਼ਨ ਕਰਨ ਵਾਸਤੇ ਕਿਹਾ ਗਿਆ ਹੋਵੇ।

ਸ੍ਰੀ ਸਿੰਗਲਾ ਨੇ ਸੁਚੇਤ ਕੀਤਾ ਕਿ ਅਜਿਹੇ ਧੋਖਾਧੜੀ ਵਾਲੇ ਸੁਨੇਹੇ ‘ਤੇ ਕਲਿੱਕ ਕਰਨ ਨਾਲ ਤੁਹਾਡੇ ਮੋਬਾਈਲ ਦਾ ਕੰਟਰੋਲ ਸਾਈਬਰ ਅਪਰਾਧੀਆਂ ਦੇ ਹੱਥ ਵਿੱਚ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਉਤੇ ਘੁੰਮ ਰਹੇ ਗ੍ਰਾਫ਼ਿਕਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਤਸਵੀਰ ਅਤੇ ‘ਕੈਪਟਨ ਸਮਾਰਟ ਫ਼ੋਨ ਡਿਸਟ੍ਰੀਬਿਊਸ਼ਨ ਸਕੀਮ 2020’ ਸਿਰਲੇਖ ਹੇਠ ਰਜਿਸਟ੍ਰੇਸ਼ਨ ਲਈ ਪ੍ਰੋਫ਼ਾਰਮਾ ਦਿੱਤਾ ਗਿਆ ਹੈ, ਜਿਸ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

ਸਿੱਖਿਆ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸੰਦੇਸ਼ਾਂ, ਯੂ.ਆਰ.ਐਲ. ਲਿੰਕਸ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਜੇ ਕਿਸੇ ਕੋਲ ਅਜਿਹਾ ਸੰਦੇਸ਼ ਆਉਂਦਾ ਵੀ ਹੈ ਤਾਂ ਇਸ ਨੂੰ ਅੱਗੇ ਹੋਰਾਂ ਨੂੰ ਨਾ ਭੇਜਿਆ ਜਾਵੇ, ਸਗੋਂ ਤੁਰੰਤ ਡਿਲੀਟ ਕਰ ਦਿੱਤਾ ਜਾਵੇ।

————

LEAVE A REPLY

Please enter your comment!
Please enter your name here