
ਨਵੀਂ ਦਿੱਲੀ 31, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ‘ਚ ਗਣਤਤੰਰ ਦਿਵਸ ‘ਤੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਸਿੱਖ ਭਾਈਚਾਰੇ ਖਿਲਾਫ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਇਲਜ਼ਾਮ ਲਾਉਂਦਿਆਂ ਇੱਕ ਚੈਨਲ ਤੇ ਹੋਰਾਂ ਖਿਲਾਫ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਇਨ੍ਹਾਂ ਖਬਰਾਂ ‘ਤੇ ਰੋਕ ਲਾਉਣ ਦੇ ਹੁਕਮ ਦੇਣ ਦੀ ਅਪੀਲ ਕੀਤੀ ਹੈ। ਅਦਾਲਤ ਨੇ ਪਟੀਸ਼ਨ ‘ਤੇ ਸੁਣਵਾਈ ਲਈ ਪਹਿਲੀ ਫਰਵਰੀ ਤੈਅ ਕੀਤੀ ਹੈ।
ਇਹ ਪਟੀਸ਼ਨ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਾਇਰ ਕੀਤੀ ਹੈ। ਪਟੀਸ਼ਨਕਰਤਾਵਾਂ ਨੇ ਤਰਕ ਦਿੱਤਾ ਹੈ ਕਿ ਚੈਨਲਾਂ ਨੇ ਦਿਖਾਇਆ ਕਿ ਟ੍ਰੈਕਟਰ ਪਰੇਡ ਦੌਰਾਨ ਉੱਤਰ ਪ੍ਰਦੇਸ਼ ਦੀ ਰਾਮ ਮੰਦਰ ਦੀ ਝਾਕੀ ਨੂੰ ਨੁਕਸਾਨ ਪਹੁੰਚਾਇਆ ਗਿਆ। ਹਾਲਾਂਕਿ ਗੈਰ ਸਮਾਜਿਕ ਤੱਤਾਂ ਨੇ ਹੋਰਾਂ ਝਾਕੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਪਰ ਸਿਰਫ਼ ਮੰਦਰ ਦੀ ਝਾਕੀ ਦਿਖਾ ਕੇ ਸਿੱਖ ਭਾਈਚਾਰੇ ਖਿਲਾਫ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ।
ਉਨ੍ਹਾਂ ਕਿਸਾਨ ਕਿਸਾਨ ਸ਼ਾਂਤੀਪੂਰਵਕ ਟ੍ਰੈਕਟਰ ਮਾਰਚ ਕੱਢ ਰਹੇ ਸਨ ਪਰ ਕੁਝ ਗੈਰ ਸਮਾਜਿਕ ਤੱਤਾਂ ਨੇ ਰੈਲੀ ‘ਚ ਦਾਖਲ ਹੋ ਕੇ ਮਾਹੌਲ ਖਰਾਬ ਕੀਤਾ। ਉਨ੍ਹਾਂ ਪਟੀਸ਼ਨ ‘ਚ ਇਲਜ਼ਾਮ ਲਾਇਆ ਕਿ ਲਗਾਤਾਰ ਭਰਮਾਊ ਖਬਰਾਂ ਚਲਾਉਣ ਨਾਲ ਸਿੱਖ ਭਾਈਚਾਰੇ ਦੇ ਲੋਕਾਂ ਲਈ ਖਤਰਾ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਛਵੀ ਵੀ ਖਰਾਬ ਕੀਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਤੇ ਹੋਰਾਂ ਪੱਖਾਂ ਨੇ ਇਸ ਨੂੰ ਰੋਕਣ ਦਾ ਕੋਈ ਕਦਮ ਨਹੀਂ ਚੁੱਕਿਆ।
ਉਨ੍ਹਾਂ ਪਟੀਸ਼ਨ ‘ਚ ਚੈਨਲ ਤੋਂ ਇਲਾਵਾ ਨਿਊਜ਼ ਬ੍ਰੌਡਕਾਸਟਰ ਐਸੋਸੀਏਸ਼ਨ, ਪ੍ਰੈੱਸ ਕਾਊਂਸਲ ਆਫ ਇੰਡੀਆ ਤੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਪੱਖ ਬਣਾਉਂਦਿਆਂ ਪੂਰੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕਰਨ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੇ ਹੁਕਮ ਦੇਣ ਦੀ ਅਪੀਲ ਕੀਤੀ ਹੈ।
