
ਮਾਨਸਾ, 05 ਜਨਵਰੀ- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ ਦੀ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਸਿਹਤ ਬਲਾਕ ਖਿਆਲਾ ਕਲਾਂ ਅਧੀਨ ਸਿਹਤ ਸੰਸਥਾਵਾਂ ਵਿੱਚ ਪੋਲਿਓ ਰੋਕੂ ਟੀਕੇ ਦੀ ਤੀਸਰੀ ਖੁਰਾਕ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਡਾ. ਹਰਦੀਪ ਸ਼ਰਮਾ ਨੇ ਟੀਕਾਕਰਨ ਕੈਂਪਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਪੋਲੀਓ ਦੀ ਰੋਕਥਾਮ ਲਈ ਪੋਲੀਓ ਰੋਕੂ ਟੀਕੇ ਦੀ ਤੀਸਰੀ ਖੁਰਾਕ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਮਕਸਦ ਬੱਚਿਆਂ ਵਿੱਚ ਪੋਲਿਓ ਦੀ ਬੀਮਾਰੀ ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ ਹੈ। ਬਲਾਕ ਐਜੂਕੇਟਰ ਸ੍ਰੀ ਕੇਵਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੰਜਾਬ ਵਿੱਚ ਜਨਵਰੀ ਮਹੀਨੇ ਤੋਂ ਪੋਲੀਓ ਵਿਰੋਧੀ ਟੀਕੇ ਦੀ ਮੁਹਿੰਮ ਤਹਿਤ ਬੱਚਿਆਂ ਨੂੰ ਡੇਢ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ਦੇ ਟੀਕੇ ਤੋਂ ਇਲਾਵਾ ਤੀਸਰੀ ਖੁਰਾਕ ਨੌਵੇਂ ਮਹੀਨੇ ਦੀ ਉਮਰ ਹੋਣ ’ਤੇ ਪੋਲਿਓ ਦਾ ਬੂਸਟਰ ਟੀਕਾ ਲਗਾਇਆ ਜਾਵੇਗਾ, ਬੱਚੇ ਨੂੰ ਪੋਲਿਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਅ ਕਰੇਗਾ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਝੁੱਗੀਆਂ-ਝੌਂਪੜੀਆਂ, ਭੱਠਿਆਂ, ਡੇਰਿਆਂ ਅਤੇ ਹਾਈ ਰਿਸਕ ਏਰੀਏ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਬੁੱਧਵਾਰ ਹੋਣ ਵਾਲੇ ਰੁਟੀਨ ਟੀਕਾਕਰਨ ਕੈਂਪ ਵਿੱਚ ਟੀਕਾਕਰਨ ਦੀ ਇਹ ਸੁਵਿਧਾ ਮੁਫਤ ਉਪਲਬਧ ਹੋਵੇਗੀ।
