*ਸਿਹਤ ਵਿਭਾਗ ਵੱਲੋਂ 26 ਅਪ੍ਰੈਲ ਨੂੰ ਮਨਾਇਆ ਜਾਵੇਗਾ ਡੀ ਵਾਰਮਿੰਗ ਡੇਅ*

0
7

ਮਾਨਸਾ 24 ਅਪ੍ਰੈਲ (ਸਾਰਾ ਯਹਾਂ/  ਮੁੱਖ ਸੰਪਾਦਕ)  : ਸਿਹਤ ਵਿਭਾਗ ਵੱਲੋਂ ਸਕੂਲ ਹੈਲਥ ਪ੍ਰੋਗਰਾਮ ਦੇ ਤਹਿਤ 26 ਅਪ੍ਰੈਲ 2023 ਨੂੰ ਡੀ-ਵਾਰਮਿੰਗ ਡੇਅ ਜ਼ਿਲ੍ਹਾ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਪੇਟ ਵਿੱਚ ਕੀੜੇ ਹੋਣ ਨਾਲ ਬੱਚਿਆਂ ਵਿੱਚ ਕੁਪੋਸ਼ਣ, ਖੂਨ ਦੀ ਕਮੀ ਅਤੇ ਸਰੀਰ ਵਿੱਚ ਥਕਾਵਟ ਰਹਿਣ ਲੱਗ ਜਾਂਦੀ ਹੈ। ਇਸ ਨਾਲ ਬੱਚਿਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਐਲਬੈਨਡਾਜੋਲ ਦੀ ਗੋਲੀ ਖਾਣ ਨਾਲ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਤੋਂ ਹੋਣ ਵਾਲੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 498 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, 837 ਆਂਗਨਵਾੜੀ ਸੈਂਟਰਾਂ ਦੇ 2 ਸਾਲ ਤੋਂ 19 ਸਾਲ ਤੱਕ 194033 ਬੱਚਿਆਂ ਨੂੰ ਐਲਬੈਨਡਾਜੋਲ (400 ਐਮ.ਜੀ) ਦੀਆਂ ਗੋਲੀਆਂ ਖਵਾਈਆਂ ਜਾਣਗੀਆਂ। ਇਹ ਗੋਲੀਆਂ ਆਂਗਣਵਾੜੀ ਵਰਕਰ, ਏ.ਐਨ.ਐਮ ਅਤੇ ਆਸ਼ਾ ਵਰਕਰ ਦੁਆਰਾ ਮਿਡ ਡੇਅ ਮੀਲ ਉਪਰੰਤ ਖਵਾਈਆਂ ਜਾਣਗੀਆਂ। ਇਹ ਗੋਲੀ ਕਿਸੇ ਵੀ ਬੱਚੇ ਨੂੰ ਖਾਲੀ ਪੇਟ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਿਸੇ ਕਾਰਨ ਵਾਂਝੇ ਰਹਿ ਗਏ ਬੱਚਿਆਂ ਨੂੰ ਇਹ ਗੋਲੀਆਂ 5 ਮਈ 2023  ਨੂੰ ਦਿੱਤੀਆਂ ਜਾਣਗੀਆਂ।
  ਡਾ. ਰਣਜੀਤ ਸਿੰਘ ਰਾਏ ਜ਼ਿਲ੍ਹਾ ਨੋਡਲ ਅਫ਼ਸਰ ਮਾਨਸਾ ਆਰ.ਬੀ.ਐਸ.ਕੇ ਨੇ ਦੱਸਿਆ ਕਿ 6 ਤੋਂ 19 ਸਾਲ ਤੱਕ ਦੇ ਕਿਸੇ ਕਾਰਨ ਸਕੂਲੋਂ ਡਰਾਪ ਆਊਟ ਹੋਏ ਬੱਚਿਆਂ ਨੂੰ ਵੀ ਇਹ ਗੋਲੀਆਂ ਦਿੱਤੀਆਂ ਜਾਣਗੀਆਂ ਅਤੇ ਇਕ ਤੋਂ ਦੋ ਸਾਲ ਤੱਕ ਦੇ ਬੱਚਿਆਂ ਨੂੰ ਐਲਬੈਨਡਾਜੋਲ ਸਿਰਪ ਆਂਗਣਵਾੜੀ ਵਰਕਰ, ਏ.ਐਨ.ਐਮ ਅਤੇ ਆਸ਼ਾ ਵਰਕਰ ਦੁਆਰਾ ਘਰ-ਘਰ ਜਾ ਕੇ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਟੁਆਲਿਟ ਖੁੱਲੇ ਵਿੱਚ ਨਾ ਜਾਓ ਹਮੇਸ਼ਾ ਪਖਾਨੇ ਦੀ ਵਰਤੋਂ ਕਰੋ ਅਤੇ ਆਪਣਾ ਆਲਾ-ਦੁਆਲਾ ਸਾਫ਼ ਰੱਖੋ। ਫਲ ਅਤੇ ਸਬਜੀਆਂ ਨੂੰ ਖਾਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਨਹੁੰ ਸਾਫ਼ ਅਤੇ ਛੋਟੇ ਰੱਖੋ, ਨੰਗੇ ਪੈਰ ਨਾ ਰਹੋ, ਹਮੇਸ਼ਾ ਜੁੱਤੇ ਚੱਪਲ ਪਹਿਨ ਕੇ ਰੱਖੋ ਅਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਵੋ।ਉਨ੍ਹਾਂ ਦੱਸਿਆ ਕਿ ਸਕੂਲੋਂ ਵਾਂਝੇ ਬੱਚਿਆਂ ਨੂੰ ਕਵਰ ਕਰਨ ਹਿੱਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਆਈ.ਸੀ.ਡੀ.ਐਸ ਅਤੇ ਸੀ.ਡੀ.ਪੀ.ਓ ਦੁਆਰਾ ਮੋਨੀਟਰਿੰਗ ਕੀਤੀ ਜਾ ਰਹੀ ਹੈ।

NO COMMENTS