
ਮਾਨਸਾ, 12 ਫਰਵਰੀ: (ਸਾਰਾ ਯਹਾਂ/ਮੁੱਖ ਸੰਪਾਦਕ)
ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ’ਚ 12 ਫਰਵਰੀ ਤੋਂ 17 ਫਰਵਰੀ ਤੱਕ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਪੂਰਾ ਕਰਨਾ ਹੈ, ਤਾਂ ਜੋ ਬੱਚਿਆਂ ਅਤੇ ਗਰਭਵਰਤੀ ਔਰਤਾਂ ਦਾ ਟੀਕਾਕਰਨ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੌਰਾਨ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀਆਂ, ਜਿੰਨ੍ਹਾਂ ਦਾ ਟੀਕਾਕਰਨ ਅਧੂਰਾ ਹੈ ਜਾਂ ਫਿਰ ਕਿਸੇ ਕਾਰਨ ਰਹਿ ਗਿਆ ਹੈ, ਉਸ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਰਧਾਰਤ ਟੀਕਾਕਰਨ ਸੂਚੀ ਤੋਂ ਇਲਾਵਾ ਮੀਜਲ ਅਤੇ ਰੂਬੇਲਾ ਦੇ ਟੀਕਾਕਰਨ ਦੇ ਦੂਸਰੀ ਖੁਰਾਕ ਦੀ 100 ਫੀਸਦੀ ਕਵਰੇਜ ਕਰਨੀ ਯਕੀਨੀ ਬਣਾਈ ਜਾਵੇਗੀ ਅਤੇ 10 ਤੋਂ 16 ਸਾਲ ਦੇ ਟੀਕਾਕਰਨ ਤੋਂ ਵਾਂਝੇ ਰਹਿੰਦੇ ਜਾਂ ਪਰਵਾਸੀ ਬੱਚਿਆਂ ਦੇ ਟੀ. ਡੀ. ਦਾ ਟੀਕਾ ਵੀ ਲਗਾਇਆ ਜਾ ਰਿਹਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਅਤਿ ਜੋਖਮ ਵਾਲੇ ਖੇਤਰ ਜਿਵੇਂ ਕਿ ਪ੍ਰਵਾਸੀ ਆਬਾਦੀ, ਖਾਨਾਬਦੋਸ਼ ਸਾਈਟਾਂ, ਇੱਟਾਂ ਦੇ ਭੱਠਿਆਂ ਆਦਿ ’ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀਆਂ ਦਾ ਵਿਸੇਸ ਤੌਰ ’ਤੇ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੀਆਂ ਤਿਆਰੀਆ ਮੁਕੰਮਲ ਕਰਕੇ ਟੀਕਾਕਰਨ ਸੁਰੂ ਕਰ ਦਿੱਤਾ ਗਿਆ ਹੈ।
