
ਮਾਨਸਾ, 08 ਅਗਸਤ (ਸਾਰਾ ਯਹਾਂ/ਚਾਨਣਦੀਪ ਔਲਖ )
ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਵਿਚ ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਪੂਰੀ ਸਰਗਰਮੀ ਨਾਲ ਚਲਾਈ ਜਾ ਰਹੀ ਹੈ। ਜਿਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਲੱਛਣ, ਬਚਾਅ ਅਤੇ ਇਲਾਜ਼ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਅਰਸ਼ਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਅਧੀਨ ਡੇਂਗੂ ਵਿਰੁੱਧ ਮੁਹਿੰਮ ਵਿੱਚ 103 ਟੀਮਾਂ ਸਬ ਸੈਂਟਰ ਪੱਧਰ ’ਤੇ ਅਤੇ 2 ਟੀਮਾਂ ਮਾਨਸਾ ਸ਼ਹਿਰ ਵਿੱਚ ਲਗਾਤਾਰ ਕੰਮ ਕਰ ਰਹੀਆਂ ਹਨ।

ਇਨ੍ਹਾਂ ਟੀਮਾਂ ਵਿੱਚ ਸਿਹਤ ਸੁਪਰਵਾਈਜ਼ਰ, ਮਲਟੀਪਰਪਜ ਹੈਲਥ ਵਰਕਰ ਮੇਲ ਅਤੇ ਫੀਮੇਲ, ਆਸ਼ਾ ਵਰਕਰਾਂ, ਬ੍ਰੀਡਿੰਗ ਚੈੱਕਰਾਂ, ਪੇਂਡੂ ਸਿਹਤ ਅਤੇ ਸਫ਼ਾਈ ਕਮੇਟੀ ਮੈਂਬਰਾਂ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟੀਮਾਂ ਡੇਂਗੂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਫੀਵਰ ਸਰਵੇ ਕਰਦੀਆਂ ਹਨ, ਲਾਰਵਾ ਚੈੱਕ ਕਰਦੀਆਂ ਹਨ, ਲਾਰਵਾ ਮਿਲਣ ਤੇ ਉਸ ਨੂੰ ਮੌਕੇ ਤੇ ਨਸ਼ਟ ਕਰਵਾਉਂਦੀਆਂ ਹਨ ਅਤੇ ਚਲਾਨ ਕੱਟਦੀਆਂ ਹਨ।

ਸ੍ਰੀ ਸੰਤੋਸ਼ ਭਾਰਤੀ ਐਪੀਡੀਮੋਲੋਜਿਸਟ ਨੇ ਦੱਸਿਆ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਸਪ੍ਰੇਅ ਅਤੇ ਫੌਗਿੰਗ ਕਰਵਾਈ ਜਾ ਰਹੀ ਹੈ ਅਤੇ ਡੇਂਗੂ ਦਾ ਕੇਸ ਮਿਲਣ ਤੇ ਉਸ ਏਰੀਏ ਵਿਚ ਸਪੈਸ਼ਲ ਸਰਵੇ ਕਰਵਾਇਆਂ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਂਵਾਂ ਵਿੱਚ ਡੇਂਗੂ ਦਾ ਟੈਸਟ ਅਤੇ ਇਲਾਜ਼ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਬੁਖ਼ਾਰ ਹੋਣ ਜਾਂ ਡੇਂਗੂ ਵਰਗੇ ਲੱਛਣ ਹੋਣ ਤੇ ਆਪਣੇ ਨੇੜੇ ਦੀ ਸਿਹਤ ਸੰਸਥਾਂ ਵਿੱਚ ਆਪਣਾ ਟੈਸਟ ਕਰਵਾਇਆ ਜਾਵੇ ਅਤੇ ਮੱਛਰ ਤੋਂ ਬਚਣ ਲਈ ਉਪਾਅ ਕੀਤੇ ਜਾਣ।

ਗੁਰਜੰਟ ਸਿੰਘ ਏ ਐਮ ਓ ਨੇ ਇਸ ਮੁਹਿੰਮ ਤਹਿਤ ਵਧੀਆ ਗਤੀਵਿਧੀਆਂ ਕਰਨ ਤੇ ਸਿਹਤ ਕਰਮਚਾਰੀਆਂ ਦੀ ਸਰਾਹਨਾ ਕੀਤੀ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦਾ ਸਹਿਯੋਗ ਕਰਨ। ਚੈਕਿੰਗ ਦੌਰਾਨ ਮਾਨਸਾ ਵਿਖੇ ਕਬਾੜ ਦੀ ਦੁਕਾਨ ਅਤੇ ਵਰਕਸ਼ਾਪ ਵਿੱਚੋਂ ਲਾਰਵਾ ਮਿਲਿਆ ਇਸ ਬਾਰੇ ਕਮੇਟੀ ਨੂੰ ਸੂਚਨਾ ਭੇਜ ਦਿੱਤੀ ਗਈ। ਇਸ ਮੌਕੇ ਸਿਹਤ ਕਰਮਚਾਰੀ ਅਤੇ ਆਮ ਲੋਕ ਹਾਜ਼ਰ ਸਨ।
