
ਮਾਨਸਾ, 29 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ) : ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਦੀ ਜਾਗਰੂਕਤਾ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾ ’ਤੇ ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ 21 ਕੰਜਕਾਂ ਦਾ ਸਨਮਾਨ ਕੀਤਾ ਗਿਆ।
ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਲਈ ਮਾਨਸਿਕ ਸੋਚ ਬਦਲਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਅੋਰਤਾਂ ਤੋਂ ਬਿਨਾਂ ਮਨੁੱਖਤਾ ਦੀ ਹੋਂਦ ਸੰਭਵ ਨਹੀ, ਇਸ ਲਈ ਸਮਾਜ ਵਿੱਚ ਭਾਵੇਂ ਪੀ.ਸੀ.ਪੀ.ਐਨ.ਡੀ.ਟੀ. ਐਕਟ ਲਾਗੂ ਕਰਵਾਉਣ ਨਾਲ ਲਿੰਗ ਅਨੁਪਾਤ ਵਿੱਚ ਕਾਫੀ ਸੁਧਾਰ ਹੋਇਆ ਹੈ, ਪ੍ਰੰਤੂ ਅਜੇ ਹੋਰ ਸੁਧਾਰ ਲਈ ਕੁੜੀਆਂ ਪ੍ਰਤੀ ਮਾਨਸਿਕ ਸੋਚ ਬਦਲਣ ਦੀ ਜਰੂਰਤ ਹੈ। ਉਨ੍ਹਾਂ ਹਰੇਕ ਆਸ਼ਾ ਵਰਕਰ ਨੂੰ ਗਰਭਵਤੀ ਅੋਰਤ ਦੀ ਪਹਿਲੇ ਤਿੰਨ ਮਹੀਨੇ ਵਿੱਚ ਰਜਿਸ਼ਟਰੇਸ਼ਨ ਨੂੰ ਯਕੀਨੀ ਬਣਾਉਣ ਲਈ ਕਿਹਾ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਹਰਦੀਪ ਸ਼ਰਮਾ ਵੱਲੋਂ ਪੀ.ਸੀ.ਪੀ.ਐਨ.ਡੀ.ਟੀ ਐਕਟ ਅਤੇ ਐਕਟ ਦੀ ਉਲਘੰਣਾ ਕਰਕੇ ਲਿੰਗ ਦੀ ਜਾਂਚ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਅਤੇ ਜੁਰਮਾਨੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਲਿੰਗ ਦੀ ਜਾਂਚ ਕਰਵਾਉਣ ਲਈ ਉਕਸਾਉਣ, ਲਿੰਗ ਦੀ ਜਾਂਚ ਕਰਨ ਵਾਲੇ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ ਅਤੇ ਲੜਕੀਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਕੇ ਉਹਨਾਂ ਨੂੰ ਸਮਾਜ ਵਿੱਚ ਹੋਰ ਉੱਚਾ ਦਰਜਾ ਦੇਣ ਲਈ ਕਿਹਾ।
ਡਾ. ਰਣਜੀਤ ਸਿੰਘ ਰਾਏ ਵੱਲੋਂ ਭਰੂਣ ਹੱਤਿਆ ਦੇ ਕਾਰਣਾਂ ਅਤੇ ਸਮਾਜ ਵਿਚੋਂ ਉਹਨਾਂ ਕੁਰੀਤੀਆਂ ਨੂੰ ਦੂਰ ਕਰਨ ਬਾਰੇ ਜਾਗਰੂਕ ਕੀਤਾ। ਬੱਚੀਆਂ ਅਤੇ ਔਰਤਾਂ ਦੀ ਭਲਾਈ ਲਈ ਚਲਾਏ ਜਾ ਰਹੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਤੇ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਰੈਨੂੰ ਜਿਲਾ ਕੋਆਰਡੀਨੇਟਰ ਪੀ.ਸੀ.ਪੀ.ਐਨ.ਡੀ.ਟੀ , ਦਰਸ਼ਨ ਸਿੰਘ ਧਾਲੀਵਾਲ ਡਿਪਟੀ ਊਪ ਸਮੂਹ ਸਿਖਿਆ ਅਤੇ ਸੂਚਨਾ ਅਫਸਰ, ਸਰਨਜੀਤ, ਦੀਪ ਸ਼ਿਖਾ,ਗੀਤਾ ਗੁਪਤਾ,ਜਸਪ੍ਰੀਤ ਕੌਰ, ਕਿ੍ਰਸ਼ਨ ਕੁਮਾਰ, ਰਵਿੰਦਰ ਕੁਮਾਰ, ਲਲਿਤ ਕੁਮਾਰ ਆਦਿ ਹਾਜ਼ਰ ਸਨ।
