
ਮਾਨਸਾ 16 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਨੇ ਮੌਸਮ ਦੇ ਬਦਲਾਅ ਨੂੰ ਵੇਖਦੇ ਹੋਏ ਸ਼ੀਤ ਲਹਿਰ ਤੋਂ ਬਚਾਅ ਸਬੰਧੀ ਐਡਵਾਇਜਰੀ ਜਾਰੀ ਕਰਦਿਆ ਕਿਹਾ ਕਿ ਸਰਦ ਰੁੱਤ ਦੇ ਮੌਸਮ ਵਿੱਚ ਲਗਾਤਾਰ ਘੱਟ ਰਹੇ ਤਾਪਮਾਨ ਵਿੱਚ ਸਿਹਤ ਪ੍ਰਤੀ ਲਾਹਪ੍ਰਵਾਹੀ ਖਤਰਨਾਕ ਸਾਬਤ ਹੋ ਸਕਦੀ ਹੈ। ਖਾਸ ਕਰ ਬਜੁਰਗਾਂ ਅਤੇ ਬੱਚਿਆਂ ਲਈ, ਬਹੁਤ ਘੱਟ ਤਾਪਮਾਨ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਹਾਈਪੋਥਮੀਆ, ਫਰੋਸਟਬਾਈਟ ਚਿਲਬਲੇਨ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ।
ਉਨਾਂ ਦੱਸਿਆ ਕਿ ਲੰਮਾ ਸਮਾਂ ਬਹੁਤ ਘੱਟ ਤਾਪਮਾਨ ਵਿੱਚ ਰਹਿਣ ਨਾਲ ਵਿਅਕਤੀ ਹਾਈਪੋਥਰਮੀਆ ਦਾ ਸ਼ਿਕਾਰ ਹੋ ਸਕਦਾ ਹੈ, ਜਿਸ ਵਿੱਚ ਸਰੀਰ ਠੰਢਾ ਪੈ ਜਾਂਦਾ ਹੈ, ਕਾਂਬਾ ਲਗਦਾ ਹੈ ਅਤੇ ਸਰੀਰ ਨੂੰ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਵਿਅਕਤੀ ਦੀ ਥਰਥਰਾਹਟ ਤੋ ਇਲਾਵਾ ਵਿਅਕਤੀ ਦੀ ਯਾਦਾਸ਼ਤ ਵੀ ਜਾ ਸਕਦੀ ਹੈ। ਇਸ ਤਰ੍ਹਾਂ ਬਹੁਤ ਲੰਮਾ ਸਮਾਂ ਠੰਢ ਵਿੱਚ ਰਹਿਣ ਨਾਲ ਹਥ ਪੈਰ ਨੀਲੇ ਪੈ ਜਾਂਦੇ ਹਨ।
ਉਨ੍ਹਾਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ, ਇਮਾਨਦਾਰੀ ਅਤੇ ਸਮੇਂ ਸਿਰ ਨਿਭਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਜਾਂ ਵਿਅਕਤੀ, ਉਨ੍ਹਾਂ ਦੇ ਵਾਰਸ ਨੂੰ ਸਿਹਤ ਵਿਭਾਗ ਦੇ ਸਬੰਧਤ ਕਿਸੇ ਵੀ ਕੰਮ ਨਾਲ ਕੋਈ ਦਿੱਕਤ ਪੇਸ਼ ਨਾ ਆਵੇ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਵਿਜੈ ਕੁਮਾਰ ਨੇ ਦੱਸਿਆ ਕਿ ਠੰਢ ਤੋਂ ਬਚਾਅ ਲਈ ਢੁਕਵੇਂ ਪ੍ਰਬੰਧ ਬਹੁਤ ਜਰੂਰੀ ਹਨ। ਠੰਢ ਤੋਂ ਬਚਾਅ ਲਈ ਗਰਮ ਕੱਪੜੇ ਪਹਿਨਣੇ, ਬਿਨਾਂ ਕੰਮ ਤੋਂ ਬਾਹਰ ਨਾ ਜਾਣਾ, ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਰੱਖਣਾ, ਮੌਸਮ ਵਿਭਾਗ ਦੀਆਂ ਚਿਤਾਵਨੀਆਂ ’ਤੇ ਅਮਲ ਕਰਨਾ, ਸੰਚਾਰ ਰਾਬਤਾ ਕਾਇਮ ਰੱਖਣਾ, ਗਰਮ ਤਰਲ ਪਦਾਰਥਾਂ ਦਾ ਜਿਅਦਾ ਪ੍ਰਯੋਗ ਕਰਨਾ, ਰੂਮ ਹੀਟਰ ਦੀ ਵਰਤੋਂ ਕਰਦੇ ਸਮੇਂ ਹਵਾ ਦੀ ਅਵਾਜਾਈ ਦਾ ਖਿਆਲ ਰੱਖਣਾ ਤਾਂ ਜੋ ਆਕਸੀਜਨ ਦੀ ਕਮੀ ਨਾ ਹੋ ਸਕੇ। ਗੀਜਰ ਦੀ ਫਿਟਿੰਗ ਬਾਥ ਰੂਮ ਤੋਂ ਬਾਹਰ ਹੋਣੀ ਜ਼ਰੂਰੀ ਹੈ। ਛੋਟੇ ਬੱਚਿਆਂ ਅਤੇ ਬਜੁਰਗਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਬੰਦ ਕਮਰਿਆਂ ਵਿੱਚ ਸੇਕਣ ਲਈ ਅੱਗ ਨਾ ਬਾਲੀ ਜਾਵੇ, ਕਿਉਕਿ ਅੱਗ ਦੇ ਬਾਲਣ ਨਾਲ ਕਾਰਬਨ ਡਾਈਕਸਾਈਡ ਦੇ ਨਾਲ ਨਾਲ ਕਾਰਬਨ ਮੋਨੋਡਾਈਅਕਸਾਈਡ ਗੈਸ ਨਿਕਲਦੀ ਹੈ, ਜੋ ਜਾਨਲੇਵਾ ਹੈ।
