
ਮਾਨਸਾ, 29 ਫਰਵਰੀ:(ਸਾਰਾ ਯਹਾਂ/ਮੁੱਖ ਸੰਪਾਦਕ)
ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਅਧੀਨ ਸਰਕਾਰ ਵੱਲੋਂ ਮਨਾਏ ਜਾ ਰਹੇ ਪੰਦਰਵਾੜੇ ਦੇ ਤਹਿਤ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਵੱਲੋਂ ਕੁਸ਼ਟ ਆਸ਼ਰਮ ਠੂਠਿਆਂਵਾਲੀ ਰੋਡ ਮਾਨਸਾ ਵਿਖੇ ਬਰਤਨ ਅਤੇ ਕੱਪੜੇ ਵੰਡੇ ਗਏ।
ਉਨ੍ਹਾਂ ਕੁਸ਼ਟ ਰੋਗੀਆਂ ਨੂੰ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਦੀ ਸਲਾਹ ਅਨੁਸਾਰ ਸਹੀ ਅਤੇ ਜਲਦ ਤੋਂ ਜਲਦ ਇਲਾਜ ਕਰਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕੁਸ਼ਟ ਰੋਗ ਇਲਾਜਯੋਗ ਹੈ। ਸਮੇਂ ਸਿਰ ਸਹੀ ਇਲਾਜ ਕਰਵਾਉਣ ਨਾਲ ਮਰੀਜ਼ ਸਾਰੀ ਉਮਰ ਅਪੰਗਤਾ ਤੋਂ ਬਚ ਸਕਦਾ ਹੈ। ਇਸ ਬਿਮਾਰੀ ਦੀਆਂ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚੋਂ ਬਿਲਕੁਲ ਮੁਫ਼ਤ ਮਿਲਦੀਆਂ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਜੇਕਰ ਕੁਸ਼ਟ ਰੋਗ ਦੇ ਲੱਛਣਾਂ ਵਾਲਾ ਕੋਈ ਵੀ ਵਿਅਕਤੀ ਆਪਣੇ ਆਲੇ ਦੁਆਲੇ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਣ ਲਈ ਪ੍ਰੇਰਿਤ ਕਰੀਏ, ਕੁਸ਼ਟ ਰੋਗੀਆਂ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਸਗੋਂ ਉਨ੍ਹਾਂ ਦੀ ਮਦਦ ਕਰਨੀ ਸਾਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਲੈਪਰੌਸੀ ਹੋਮ ਵਿੱਚ ਜਿੰਨੇ ਵੀ ਮਰੀਜ਼ ਜਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਰਹਿ ਰਹੇ ਹਨ ਉਹਨਾਂ ਦੀ ਸਿਹਤ ਪ੍ਰਤੀ ਸਮੇਂ ਸਮੇਂ ਤੇ ਚੈਕ ਅਪ ਅਤੇ ਲੋੜੀਂਦੀ ਦਵਾਈ ਡਾਕਟਰ ਨਿਸ਼ਾਂਤ ਨੋਡਲ ਅਫਸਰ ਲੈਪਰੌਸੀ ਅਰੈਡੀਕੇਸ਼ਨ ਪ੍ਰੋਗਰਾਮ ਦੇ ਤਹਿਤ ਉਨਾਂ ਵੱਲੋਂ ਕੀਤੀ ਜਾਂਦੀ ਹੈ ।
ਇਸ ਮੌਕੇ ਉਨ੍ਹਾਂ ਨਾਲ ਵਿਜੇ ਕੁਮਾਰ ਜਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਰਵਿੰਦਰ ਕੁਮਾਰ ਕੰਪਿਊਟਰ ਆਪਰੇਟਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।
