
ਚੰਡੀਗੜ੍ਹ 16 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ): ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਰੈਗੂਲਰ ਆਧਾਰ ‘ਤੇ 106 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਦੇ , ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਹਾਜ਼ਰ ਸਨ।
ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਅੱਜ 106 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਰੈਗੂਲਰ ਆਧਾਰ ‘ਤੇ 4000 ਖਾਲੀ ਅਸਾਮੀਆਂ ਵਿਚੋਂ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ 50 ਲੈਬ ਟੈਕਨੀਸ਼ੀਅਨ ਭਰਤੀ ਕੀਤੇ ਗਏ। 51 ਵਾਰਡ ਅਟੈਂਡੈਂਟ ਅਤੇ 5 ਕਲਰਕਾਂ ਸਮੇਤ ਤਰਸ ਦੇ ਅਧਾਰ ‘ਤੇ 56 ਉਮੀਦਵਾਰ ਭਰਤੀ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਨਿਯੁਕਤੀਆਂ ਪਾਰਦਰਸ਼ੀ ਢੰਗ ਨਾਲ ਮੈਰਿਟ ਦੇ ਅਧਾਰ ‘ਤੇ ਕੀਤੀਆਂ ਗਈਆਂ ਹਨ।
ਸ. ਬਲਬੀਰ ਸਿੱਧੂ ਨੇ ਨਵ-ਨਿਯੁਕਤ ਸਟਾਫ਼ ਦਾ ਵਿਭਾਗ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਮਰੀਜ਼ਾਂ ਨਾਲ ਨਿਮਰਤਾ ਨਾਲ ਪੇਸ਼ ਆਉਣ ਅਤੇ ਹਸਪਤਾਲਾਂ ਵਿੱਚ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਕਿਹਾ ਕਿ ਨੋਵਲ ਕੋਰੋਨਾਵਾਇਰਸ ਦੌਰਾਨ ਸਿਹਤ ਵਿਭਾਗ ਦੇ ਅਮਲੇ ਨੇ ਆਪਣੀ ਡਿਊਟੀ ਪੂਰੀ ਸਮਰਪਿਤ ਢੰਗ ਨਾਲ ਨਿਭਾਈ ਜੋ ਸ਼ਲਾਘਾਯੋਗ ਹੈ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਦੀ ਘਰ ਘਰ ਯੋਜਨਾ ਤਹਿਤ ਪਿਛਲੇ 3 ਸਾਲਾਂ ਦੌਰਾਨ ਸਿਹਤ ਵਿਭਾਗ ਵਿੱਚ ਲਗਭਗ 7000 ਭਰਤੀਆਂ ਕੀਤੀਆਂ ਗਈਆਂ ਜਿਸ ਵਿੱਚ ਰੈਗੂਲਰ ਅਤੇ ਠੇਕੇ ਦੇ ਅਧਾਰ ‘ਤੇ ਮਾਹਰ ਡਾਕਟਰ, ਮੈਡੀਕਲ ਅਧਿਕਾਰੀ, ਡੈਂਟਲ ਅਧਿਕਾਰੀ, ਪੈਰਾਮੈਡੀਕਲ ਅਤੇ ਹੋਰ ਸਟਾਫ ਸ਼ਾਮਲ ਹੈ।
ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਮਨਜੀਤ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਖਰੜ ਅਤੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਰਾਜ ਪ੍ਰੋਗਰਾਮ ਅਫ਼ਸਰ ਆਈ.ਈ.ਸੀ. ਸ਼ਵਿੰਦਰ, ਸਹਿਦੇਵ ਸੁਪਰਡੈਂਟ ਅਮਲਾ-1 ਵਿਪਨ ਕੁਮਾਰ, ਸੁਪਰਡੈਂਟ ਅਮਲਾ-7 ਸੰਦੀਪ ਕੁਮਾਰ, ਸੁਪਰਡੈਂਟ ਸੀ.ਸੀ. ਸ਼ਾਖਾ ਕਮਲੇਸ਼ ਕੁਮਾਰੀ, ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
