
ਚੰਡੀਗੜ, 1 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਕਿਹਾ ਕਿ ਸੀਜ਼ੇਰੀਅਨ ਸੈਕਸ਼ਨ ਰਾਹੀਂ ਜਣੇਪੇ ਦੀ ਬਜਾਏ ਨਾਰਮਲ ਜਣੇਪੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਿਹਤ ਵਿਭਾਗ ਨੇ ਪਟਿਆਲਾ ਵਿੱਚ ਇੱਕ ਨਵੇਂ ਮਿਡਵਾਈਫਰੀ ਟ੍ਰੇਨਿੰਗ ਇੰਸਟੀਚਿਊਟ ਦੀ ਸਥਾਪਨਾ ਲਈ ਤਿਆਰੀ ਕਰ ਲਈ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਇੰਸਟੀਚਿਊਟ ਭਾਰਤ ਸਰਕਾਰ ਦੇ “ਭਾਰਤ ਵਿੱਚ ਮਿਡਵਾਈਫਰੀ ਸੇਵਾਵਾਂ ਬਾਰੇ ਦਿਸ਼ਾ-ਨਿਰਦੇਸ਼ਾਂ” ਦੇ ਅਨੁਸਾਰ ਸਥਾਪਤ ਕੀਤਾ ਜਾ ਰਿਹਾ ਹੈ ਤਾਂ ਜੋ ਇੱਕ ਨਵਾਂ ਕਾਡਰ (ਐਨਪੀਐਮ) ਲਿਆ ਕੇ ਪੇਸ਼ੇਵਰ ਦਾਈਆਂ ਦੇ ਇੱਕ ਡੈਡੀਕੇਟਡ ਕਾਡਰ ਵਿੱਚ ਨਿਵੇਸ਼ ਨੂੰ ਤਰਜੀਹ ਦਿੱਤੀ ਜਾ ਸਕੇ। ਉਨਾਂ ਕਿਹਾ ਕਿ ਇਹ ਇੰਸਟੀਚਿਊਟ, ਭਾਰਤ ਭਰ ਦੀਆਂ 16 ਸਿਖਲਾਈ ਸੰਸਥਾਵਾਂ ਵਿੱਚੋਂ ਇੱਕ ਹੈ ਜਿੱਥੇ ਮਿਡਵਾਈਫਰੀ ਐਜੂਕੇਟਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਜੋ ਅੱਗੇ ਐਨਪੀਐਮ ਦੇ ਕਾਡਰ ਦਾ ਵਿਕਾਸ ਕਰਨਗੇ। ਪੰਜਾਬ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਬਾਅਦ ਤੀਜਾ ਹੈ, ਜੋ ਸਰਕਾਰੀ ਸੈਕਟਰ ਵਿੱਚ ਰਾਸ਼ਟਰੀ ਮਿਡਵਾਈਫਰੀ ਟ੍ਰੇਨਿੰਗ ਇੰਸਟੀਚਿਊਟ ਸ਼ੁਰੂ ਕਰ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਮਿਡਵਾਈਫਰੀ ਦੀ ਅਗਵਾਈ ਵਾਲੀ ਦੇਖਭਾਲ ਇੱਕ ਅਹਿਮ ਤਬਦੀਲੀ ਹੈ ਜੋ ਐਮ.ਸੀ.ਐਚ. ਸੇਵਾਵਾਂ ਦੇ ਮਾਮਲੇ ਵਿੱਚ ਸਾਡੇ ਸੂਬੇ ਨੂੰ ਦਰਪੇਸ਼ ਬਹੁਤ ਸਾਰੇ ਮੁੱਦਿਆਂ ਨੂੰ ਹੱਲ ਕਰ ਸਕਦੀ ਹੈ। ਕੋਵਿਡ -19 ਮਹਾਂਮਾਰੀ ਦੇ ਕਾਰਨ ਹਾਲ ਹੀ ਦੇ ਸਮੇਂ ਵਿੱਚ ਪੰਜਾਬ ਐਮ.ਐਮ.ਆਰ. ਵਿੱਚ ਵੀ ਵਾਧਾ ਹੋਇਆ ਹੈ ਜਦੋਂ ਸਾਰੇ ਸਰੋਤ ਕੋਵਿਡ ਵੱਲ ਲਗਾ ਦਿੱਤੇ ਗਏ ਸਨ। ਮਾਰਚ 2022 ਵਿੱਚ ਜਾਰੀ ਕੀਤੇ ਗਏ ਨਵੀਨਤਮ ਐਸਆਰਐਸ ਅੰਕੜਿਆਂ ਅਨੁਸਾਰ ਪੰਜਾਬ , ਅੱਜ ਕੱਲ 114 ਸਥਾਨ ‘ਤੇ ਹੈ। ਮਿਡਵਾਈਫਰੀ ਅਭਿਆਸਾਂ ਨੂੰ ਤਰਜੀਹੀ ਪੜਾਅ ‘ਤੇ ਲਿਆਉਣਾ ਨਾ ਸਿਰਫ ਐਮ.ਐਮ.ਆਰ. ਨੂੰ ਘਟਾਉਣ ਵਿੱਚ ਮਦਦ ਕਰੇਗਾ, ਸਗੋਂ ਬੱਚੇ ਦੇ ਜਨਮ ਨਾਲ ਸਬੰਧਤ ਦੇਖਭਾਲ ਦੀ ਗੁਣਵੱਤਾ ਵਿੱਚ ਸੁਧਾਰ ਕਰੇਗਾ ਅਤੇ ਉੱਚ ਪੱਧਰੀ ਸਹੂਲਤਾਂ ਨੂੰ ਘੱਟ ਵਧਾਏਗਾ।
ਇਸ ਨਵੀਂ ਪਹਿਲਕਦਮੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪਟਿਆਲਾ ਵਿਖੇ ਮਾਤਾ ਕੌਸ਼ੱਲਿਆ ਸਕੂਲ ਆਫ ਨਰਸਿੰਗ ਵਿਖੇ ਇੱਕ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ (ਐਨ.ਐਮ.ਟੀ.ਆਈ.) ਸੁਰੂ ਕੀਤਾ ਗਿਆ ਹੈ। ਇੰਸਟੀਚਿਊਟ ਨੂੰ ਇਸ ਦੇ ਅਤਿ-ਆਧੁਨਿਕ ਸਿਖਲਾਈ ਬੁਨਿਆਦੀ ਢਾਂਚੇ, ਇਸਦੇ ਪੇਰੈਂਟ ਹਸਪਤਾਲ ਵਿੱਚ ਇੱਕ ਕਾਰਜਸ਼ੀਲ ਪ੍ਰਸੂਤੀ ਵਿਭਾਗ ਤੱਕ ਪਹੁੰਚ, ਉੱਚ ਲੋਡ ਵਾਲੀ ਕਲੀਨਿਕਲ ਅਭਿਆਸ ਸਾਈਟ, ਅਤੇ ਇੱਕ ਨਵਾਂ ਕੋਰਸ ਸੁਰੂ ਕਰਨ ਦੀ ਇੱਛਾ ਦੇ ਕਾਰਨ ਇੱਕ ਨਵੀਨਤਮ ਸੰਸਥਾ ਵਜੋਂ ਚੁਣਿਆ ਗਿਆ ਹੈ।
ਇਹ ਆਸ ਹੈ ਕਿ ਪਟਿਆਲਾ ਵਿਖੇ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ ਕਈ ਸੂਬਿਆਂ ਲਈ ਮਿਡਵਾਈਫਰੀ ਸਿਖਲਾਈ ਲਈ ਮਾਡਲ ਟੀਚਿੰਗ ਇੰਸਟੀਚਿਊਟ ਅਤੇ ਪੈਡਾਗੋਜਿਕ ਰਿਸੋਰਸ ਸੈਂਟਰ ਵਜੋਂ ਕੰਮ ਕਰੇਗਾ। ਇਥੇ ਸਿਖਲਾਈ ਦੇਣ ਲਈ ਨਿਊਜੀਲੈਂਡ, ਇੰਗਲੈਂਡ ਅਤੇ ਕੀਨੀਆ ਦੇ ਅੰਤਰਰਾਸ਼ਟਰੀ ਐਜੂਕੇਟਰਾਂ ਨੂੰ ਵੀ ਸੂਬਾ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਆਬਾਦੀ ਫੰਡ ਦੇ ਸਹਿਯੋਗ ਨਾਲ ਲਿਆਂਦਾ ਗਿਆ ਹੈ, ਜੋ ਕਿ 18 ਮਹੀਨੇ ਦੇ ਕੋਰਸ ਲਈ 30 ਸਿਖਿਆਰਥੀਆਂ ਦੇ ਪਹਿਲੇ ਬੈਚ ਨੂੰ ਪੜਾਏਗਾ।ਇੱਥੇ ਇਹ ਵਰਣਨਯੋਗ ਹੈ ਕਿ ਪਹਿਲਾ ਬੈਚ 21 ਸਤੰਬਰ, 2022 ਤੋਂ ਸੁਰੂ ਕੀਤਾ ਜਾ ਚੁੱਕਾ ਹੈ।
ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਰਵਿੰਦਰਪਾਲ ਕੌਰ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਸਰਕਾਰੀ ਸਿਹਤ ਸਹੂਲਤਾਂ ਵਿੱਚ ਜਣੇਪਾ ਕਰਾਉਣਾ, ਗਰਭਵਤੀ ਔਰਤ ਲਈ ਹਮਦਰਦੀ ਭਰਿਆ ਅਤੇ ਸਨਮਾਨਜਨਕ ਜਨਮ ਅਨੁਭਵ ਹੋਵੇਗਾ। ਇਸ ਪ੍ਰੋਗਰਾਮ ਤਹਿਤ ਇੱਕ ਸਿਹਤ ਸਹੂਲਤ ਦੇ ਲੇਬਰ ਰੂਮ ਦੇ ਨੇੜੇ ਇੱਕ ਮਿਡਵਾਈਫਰੀ ਅਗਵਾਈ ਵਾਲੀ ਦੇਖਭਾਲ ਯੂਨਿਟ (ਐਮਸੀਐਲਯੂ) ਸਥਾਪਿਤ ਕੀਤੀ ਜਾਵੇਗੀ ਅਤੇ ਸੂਬੇ ਵਿੱਚ ਅਜਿਹਾ ਪਹਿਲਾ ਯੂਨਿਟ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਸਥਾਪਿਤ ਕੀਤਾ ਜਾਵੇਗਾ। ਐਨਪੀਐਮ ਹੁਨਰਮੰਦ, ਜਣੇਪਾ, ਪ੍ਰਜਨਨ ਅਤੇ ਨਵਜੰਮੇ ਬੱਚੇ- ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਤੰਦਰੁਸਤੀ ਲਈ ਟਿਕਾਊ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਲਈ ਸਨਮਾਨਜਨਕ ਢੰਗ ਨਾਲ ਸਬੰਧਤ ਸਿਹਤ ਸੰਭਾਲ ਸੇਵਾਵਾਂ ਉਪਲਬਧ ਕਰਵਾਏਗਾ।
