ਮਾਨਸਾ, 17 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ): ਸਿਹਤ ਵਿਭਾਗ ਮਾਨਸਾ ਵੱਲੋਂ ਡਾ. ਲਾਲ ਚੰਦ ਠਕਰਾਲ ਸਿਵਲ ਸਰਜਨ ਮਾਨਸਾ ਦੀ ਦਿਸ਼ਾ-ਨਿਰਦੇਸ਼ਾਂ ਹੇਠ ਕੁਸ਼ਟ ਆਸ਼ਰਮ ਠੂਠਿਆਂ ਵਾਲੀ ਮਾਨਸਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸੁਖਮਿੰਦਰ ਸਿੰਘ ਜਿਲ੍ਹਾ ਮਾਨਸਾ ਮੀਡੀਆ ਮਾਨਸਾ ਨੇ ਕੋਰੋਨਾ ਵਾਇਰਸ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਲਾਗ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਦੂਸਰੇ ਵਿਅਕਤੀਆਂ ਵਿੱਚ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਇਸਦੇ ਮੁੱਖ ਲੱਛਣ ਆਮ ਵਾਇਰਲ ਬੁਖਾਰ ਵਰਗੇ ਹੀ ਹਨ ਜਿਸ ਵਿੱਚ ਨੱਕ ਵਗਣਾ ਖਾਂਸੀ, ਬੁਖਾਰ, ਜੁਕਾਮ ਅਤੇ ਸਾਹ ਲੈਣ ਵਿੱਚ ਤਕਲੀਫ਼ ਹਨ। ਇਸ ਮੌਕੇ ਬੀ.ਈ.ਈ ਹਰਬੰਸ ਲਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬੀਮਾਰੀ ਤੋਂ ਬਚਣ ਲਈ ਬਹੁਤ ਸਾਰੀਆਂ ਸਾਵਧਾਨੀਆਂ ਜਿਵੇਂ ਕਿ ਖੰਘਣ ਅਤੇ ਛਿੱਕ ਮਾਰਦੇ ਸਮੇਂ ਆਪਣਾ ਮੂੰਹ ਸਾਫ਼ ਕੱਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਅਤੇ ਇਕ ਦੂਜੇ ਨੂੰ ਮਿਲਣ ਸਮੇਂ ਹੱਥ ਮਿਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਆਪਣੇ ਹੱਥ ਵਾਰ-ਵਾਰ ਨੱਕ, ਮੂੰਹ ਅਤੇ ਅੱਖਾਂ ਨੂੰ ਨਾ ਲਾਏ ਜਾਣ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਇਆ ਜਾਵੇ। ਉਨ੍ਹਾਂ ਦੱਸਆ ਕਿ ਇਸ ਤੋਂ ਇਲਾਵਾ ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਵਿੱਚ ਉਪਰੋਕਤ ਦੱਸੇ ਲੱਛਣ ਪਾਏ ਜਾਂਦੇ ਹਨ, ਤਾਂ ਅਜਿਹੇ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਬਣੇ ਆਈਸੋਲੇਸ਼ਣ ਵਾਰਡ ਵਿੱਚ ਕੀਤਾ ਜਾਂਦਾ ਹੈ।