
ਮਾਨਸਾ, 9 ਜਨਵਰੀ(ਸਾਰਾ ਯਹਾਂ/ਚਾਨਣਦੀਪ ਔਲਖ) ਸਿਹਤ ਵਿਭਾਗ ਪੰਜਾਬ ਤਹਿਤ ਕੰਮ ਕਰਦੇ ਜ਼ਿਲ੍ਹਾ ਮਾਨਸਾ ਦੇ ਮਲਟੀਪਰਪਜ ਸਿਹਤ ਕਰਮਚਾਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ 2024 ਦੀ ਡਾਇਰੀ ਤਿਆਰ ਕਰਵਾਈ ਗਈ ਹੈ। ਇਸ ਡਾਇਰੀ ਵਿੱਚ ਦਿਨ, ਤਾਰੀਖ, ਮਹੀਨਿਆਂ ਤੋਂ ਇਲਾਵਾ ਸਿਹਤ ਵਿਭਾਗ ਨਾਲ ਸਬੰਧਤ ਬਹੁਤ ਸਾਰੀਆਂ ਹੋਰ ਜਾਣਕਾਰੀਆਂ ਅਤੇ ਮਹੱਤਵਪੂਰਨ ਫੋਨ ਨੰਬਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਇਸ ਡਾਇਰੀ ਵਿੱਚ ਸਿਹਤ ਕਰਮਚਾਰੀਆਂ ਦੀ ਸਹੂਲੀਅਤ ਦੇ ਲਈ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਅਤੇ ਟੀਕਾਕਰਨ ਪ੍ਰੋਗਰਾਮ ਦੇ ਕੰਮਾਂ ਦੇ ਨਾਲ ਸਬੰਧਤ ਜਾਣਕਾਰੀਆਂ, ਫਾਰਮੂਲੇ ਅਤੇ ਪ੍ਰਫਾਰਮੇ ਆਦਿ ਦਰਜ਼ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਸੀ ਐਚ ਸੀ ਖਿਆਲਾ ਕਲਾਂ ਵਿਖੇ ਐਸ ਐਮ ਓ ਡਾ ਹਰਦੀਪ ਸ਼ਰਮਾ ਜੀ ਵੱਲੋਂ ਇਸ ਡਾਇਰੀ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਮੌਕੇ ਡਾਕਟਰ ਸ਼ਰਮਾ ਨੇ ਸਿਹਤ ਕਰਮਚਾਰੀਆਂ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਅੱਗੇ ਵੀ ਲੋਕਾਂ ਨੂੰ ਵਧੀਆ ਤਰੀਕੇ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ ਬਾਰੇ ਕਿਹਾ। ਇਸ ਮੌਕੇ ਸਰਬਜੀਤ ਸਿੰਘ, ਮਲਕੀਅਤ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ , ਯਾਦਵਿੰਦਰ ਸਿੰਘ ਆਦਿ ਸਿਹਤ ਕਰਮਚਾਰੀ ਹਾਜ਼ਰ ਸਨ।
