ਮਾਨਸਾ, 30 ਜੁਲਾਈ:(ਸਾਰਾ ਯਹਾਂ/ਮੁੱਖ ਸੰਪਾਦਕ)ਡਿਪਟੀ ਕਮਿਸ਼ਨਰ-ਕਮ-ਚੈਅਰਮੈਨ ਕੋਟਪਾ ਐਕਟ-2003 ਸ੍ਰੀ ਪਰਮਵੀਰ ਸਿੰਘ ਦੀਆਂ ਹਦਾਇਤਾਂ ਅਤੇ ਵਾਇਸ ਚੇਅਰਮੈਨ-ਕਮ-ਸਿਵਲ ਸਰਜਨ ਡਾ.ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਐਕਟ 2003, ਦਰਸ਼ਨ ਸਿੰਘ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਤਹਿਤ ਦੁਕਾਨਾਂ/ਖੋਖਿਆਂ ਅਤੇ ਜਨਤਕ ਥਾਵਾਂ ’ਤੇ ਤੰਬਾਕੂ ਨੋਸ਼ੀ ਕਰਨ ਵਾਲੇ 14 ਵਿਅਕਤੀਆਂ ਨੂੰ ਜ਼ੁਰਮਾਨੇ ਕੀਤੇ ਗਏ ਅਤੇ ਉਨ੍ਹਾਂ ਨੂੰ ਤੰਬਾਕੂ ਸੇਵਨ ਨਾਲ ਸਰੀਰ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਸ਼ਹਿਰੀ ਖੇਤਰ ਦੇ ਜਨਤਕ ਸਥਾਨਾਂ ਵਿੱਚ ਜਾ ਕੇ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ ਅਤੇ ਜਨਤਕ ਥਾਂਵਾ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਮਨਾਹੀ ਦੇ ਬਾਵਜੂਦ ਦੁਕਾਨਦਾਰਾਂ ਵੱਲੋਂ ਖੁੱਲ੍ਹੀਆਂ ਸਿਗਰਟਾਂ ਦੀ ਵਿਕਰੀ , ਦੁਕਾਨਾਂ ’ਤੇ 18 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਤੰਬਾਕੂ ਨਾ ਵੇਚਣ ਵਾਲੇ ਸਾਈਨ ਬੋਰਡ ਨਾ ਲਗਾਉਣ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਡਿਪਟੀ ਸਮੂਹ ਸਿੱਖਿਆ ਤੇ ਸੁਚਨਾ ਅਫਸਰ, ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੇ ਸਮੂਹ ਦੁਕਾਨਦਾਰਾਂ ਨੂੰ ਤੰਬਾਕੂ ਕੰਟਰੋਲ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਤਾਂ ਜੋ ਕੋਟਪਾ 2003 ਨੂੰ ਲਾਗੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਐਕਟ ਦੀ ਧਾਰਾ 6 ਅਨੁਸਾਰ ਵਿੱਦਿਅਕ ਅਦਾਰਿਆਂ ਦੇ 100 ਗਜ ਦੇ ਘੇਰੇ ਵਿਚ ਤੰਬਾਕੂ ਪਦਾਰਥਾਂ ਦੀ ਵਿਕਰੀ ’ਤੇ ਮਨਾਹੀ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾ ਉਸ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਤੰਬਾਕੂ ਉਤਪਾਦਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ, ਢਾਬੇ, ਹੋਟਲ, ਰੈਸਟੋਰੈਂਟ ਆਦਿ ਦੀ ਤੰਬਾਕੂ ਐਕਟ ਤਹਿਤ ਚੈਕਿੰਗ ਜਾਰੀ ਰਹੇਗੀ ਅਤੇ ਕਿਤੇ ਵੀ ਐਕਟ ਉਲੰਘਣਾ ਹੋਣ ’ਤੇ ਜੁਰਮਾਨਾ ਕੀਤਾ ਜਾਵੇਗਾ।
ਇਸ ਮੌਕੇ ਜਗਦੀਸ਼ ਸਿੰਘ, ਸੁਖਪਾਲ ਸਿੰਘ, ਅਸ਼ਵਨੀ ਕੁਮਾਰ ਅਤੇ ਨਿਰਮਲ ਸਿੰਘ ਰੱਲਾ ਮਲਟੀਪਰਪਜ਼ ਹੈਲਥ ਸੁਪਰਵਾਇਜਰ ਹਾਜ਼ਰ ਸਨ।