
ਮਾਨਸਾ, 31 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਡੀ.ਐਮ. ਬੁਢਲਾਡਾ ਸ਼੍ਰੀ ਸਾਗਰ ਸੇਤੀਆ ਅਤੇ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਥਾਣਾ ਬਰੇਟਾ ਵਿਖੇ 135 ਵਿਅਕਤੀਆਂ ਦੇ ਸੈਂਪਲ ਲਏ ਗਏ, ਜਿਨ੍ਹਾਂ ਵਿੱਚ ਪੁਲਿਸ ਮੁਲਾਜ਼ਮ ਅਤੇ ਕੋਰੋਨਾ ਪਾਜ਼ਿਟੀਵ ਮਰੀਜ਼ਾਂ ਦੇ ਨੇੜਲੇ ਵਿਅਕਤੀ ਸ਼ਾਮਿਲ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਪਲਿੰਗ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਮਾਨਸਾ ਜ਼ਿਲ੍ਹੇ ਨੂੰ ਸੁਰੱਖਿਅਤ ਕਰਨ ਲਈ ਇਹ ਟੀਮ ਪਿਛਲੇ ਪੰਜ ਮਹੀਨਿਆਂ ਤੋਂ ਬਿਨ੍ਹਾਂ ਕਿਸੇ ਛੁੱਟੀ ਦੇ ਲਗਾਤਾਰ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੈਂਪਲਿੰਗ ਟੀਮ ਦਾ ਮੁੱਖ ਮਕਸਦ ਕੋਰੋਨਾ ਪਾਜ਼ਿਟੀਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਹੋਏ ਵਿਅਕਤੀਆਂ ਨੂੰ ਟਰੇਸ ਕਰਕੇ ਉਨ੍ਹਾਂ ਦੀ ਸੈਂਪਲਿੰਗ ਕਰਕੇ ਕੋਰੋਨਾ ਕੇਸਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਦੀ ਲੜੀ ਨੂੰ ਤੋੜਨਾ ਹੈ ਤਾਂ ਜੋ ਮਾਨਸਾ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕੀਤਾ ਜਾ ਸਕੇ
