ਮਾਨਸਾ 19 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਸਿਹਤ ਵਿਭਾਗ ਦੀ ਲਾਪ੍ਰਵਾਹੀ ਕਾਰਨ ਸਰਦੂਲਗੜ੍ਹ ਖੇਤਰ ਵਿੱਚ ਡਰ ਦਾ ਮਾਹੌਲ ਹੈ। ਸਰਦੂਲਗੜ੍ਹ ‘ਚ ਸਿਹਤ ਵਿਭਾਗ ਦਾ ਇੱਕ ਕਰਮਚਾਰੀ ਦੋ ਦਿਨ ਪਹਿਲਾਂ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਪਰ ਉਹ ਦੋ ਦਿਨਾਂ ਤੋਂ ਬਾਜ਼ਾਰ ਵਿੱਚ ਘੁੰਮ ਰਿਹਾ ਹੈ। ਇਸ ਕਾਰਨ ਬਾਜ਼ਾਰ ਵਿੱਚ ਸਾਰੇ ਲੋਕਾਂ ‘ਚ ਕੋਰੋਨਾ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਉਸ ਨਾਲ ਜਿਹੜੀ ਟੀਮ ਕੰਮ ਕਰ ਰਹੀ ਹੈ, ਉਸ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦਾ ਟੈਸਟ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਹ ਅਜੇ ਵੀ ਕੰਮ ਕਰ ਰਹੇ ਹਨ।
ਦੂਜੇ ਪਾਸੇ ਸਰਦੂਲਗੜ੍ਹ ਦੇ ਐਸਐਮਓ ਦਾ ਕਹਿਣਾ ਹੈ ਕਿ ਕੋਰੋਨਾ ਪੌਜ਼ੇਟਿਵ ਪਾਏ ਗਏ ਕਰਮਚਾਰੀ ਨੂੰ ਉਸ ਦੇ ਸਰਕਾਰੀ ਕੁਆਰਟਰ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਸੀ ਪਰ ਹੁਣ ਉਸ ਨੂੰ ਉਸ ਦੇ ਪਿੰਡ ਗੁਰਦਾਸਪੁਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਬਾਜ਼ਾਰ ਨਹੀਂ ਗਿਆ।