*ਸਿਹਤ ਮੰਤਰੀ ਨੇ ਰੋਸ ਮੁਜ਼ਾਹਰਾ ਕਰ ਰਹੇ ਐਨ.ਐਚ.ਐਮ. ਕਰਮਚਾਰੀਆਂ ਨੂੰ ਲੋਕਾਂ ਦੇ ਹਿੱਤਾਂ ਲਈ ਸੋਮਵਾਰ ਤੋਂ ਡਿਊਟੀ ’ਤੇ ਵਾਪਸ ਆਉਣ ਦੀ ਕੀਤੀ ਅਪੀਲ*

0
24

ਚੰਡੀਗੜ, 9 ਮਈ (ਸਾਰਾ ਯਹਾਂ/ਮੁੱਖ ਸੰਪਾਦਕ):ਸੂਬੇ ਵਿੱਚ ਵਧ ਰਹੇ ਮਹਾਂਮਾਰੀ ਦੇ ਫੈਲਾਅ ਦੇ ਮੱਦੇਨਜ਼ਰ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ.) ਦੇ ਮੁਜ਼ਾਹਰਾ ਕਰ ਰਹੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ  ਸੋਮਵਾਰ (ਕੱਲ) ਤੋਂ ਆਪਣੀ ਡਿਊਟੀ ’ਤੇ ਮੁੜ ਹਾਜ਼ਰ ਹੋਣ।ਅੱਜ ਇਥੋਂ ਜਾਰੀ ਬਿਆਨ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਸਮੇਂ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ  ਦਿਨ-ਬ-ਦਿਨ ਕੋਵਿਡ -19 ਕੇਸਾਂ ਅਤੇ ਮੌਤਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਪਰ ਸੰਕਟ ਦੀ ਇਸ ਘੜੀ ਵਿੱਚ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੇ ਹੜਤਾਲ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ, ਜੋ ਇਨਸਾਨੀਅਤ ਦੇ ਲਿਹਾਜ਼ ਤੋਂ ਬਹੁਤ ਮੰਦਭਾਗਾ ਜਾਪਦਾ ਹੈ। ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਪੰਜਾਬ ਅਤੇ ਸਾਰੇ ਦੇਸ਼ ਵਿੱਚ ਮੈਡੀਕਲ ਐਮਰਜੈਂਸੀ ਦਾ ਮਾਹੌਲ ਬਣਿਆ ਹੋਇਆ ਹੈ  ਤਾਂ ਅਜਿਹੀ ਗੰਭੀਰ ਸਥਿਤੀ ਦੌਰਾਨ 776 ਕਮਿਊਨਿਟੀ ਸਿਹਤ ਅਧਿਕਾਰੀਆਂ (ਸੀ.ਐਚ.ਓ.) ਅਤੇ ਐਨ.ਐਚ.ਐਮ. ਕਰਮਚਾਰੀਆਂ ਦੀਆਂ ਕੁਝ ਹੋਰ ਸ਼ਾਖਾਵਾਂ ਵਲੋਂ ਹੜਤਾਲ ’ਤੇ ਜਾਣ ਦਾ ਫੈਸਲਾ ਬੜਾ ਹੈਰਾਨੀਜਨਕ ਹੈ।ਸ੍ਰੀ ਸਿੱਧੂ ਨੇ ਦੱਸਿਆ ਕਿ ਸੀ.ਐਚ.ਓਜ. ਦੀ ਭਰਤੀ 2019 ਵਿੱਚ ਕੀਤੀ ਗਈ ਸੀ। ਉਨਾਂ ਦੀ ਨਿਯੁਕਤੀ ਤੋਂ ਬਾਅਦ, ਪੰਜਾਬ ਸਰਕਾਰ ਨੇ ਸੀ.ਐਚ.ਓਜ. ਅਤੇ ਸਾਰੇ ਐਨ.ਐਚ.ਐਮ.  ਕਰਮਚਾਰੀਆਂ ਨੂੰ ਸਾਲ 2020 ਵਿੱਚ ਸਾਲਾਨਾ 6% ਵਾਧੇ ਤੋਂ ਬਿਨਾਂ ਤਨਖਾਹ ਉੱਤੇ 12 ਫੀਸਦੀ ਦਾ ਵਿਸ਼ੇਸ਼ ਵਾਧਾ ਦਿੱਤਾ ਸੀ। ਰਾਜ ਸਰਕਾਰ ਵੱਲੋਂ ਪੇਸ਼ ਕੀਤੀ ਗਈ ਨਵੀਂ ਤਜਵੀਜ਼ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਇਸ ਸਾਲ ਐਨ.ਐਚ.ਐਮ. ਦੇ ਕਰਮਚਾਰੀਆਂ ਨੂੰ 9 ਫੀਸਦ + 6 ਫੀਸਦ ਵਾਧੇ ਨਾਲ ਤਨਖਾਹ ਦੇਣ ਬਾਰੇ ਕਿਹਾ ਗਿਆ ਹੈ। ਉਨਾਂ ਕਿਹਾ ਕਿ ਇਸ ਤਜਵੀਜ਼ ਤੋਂ ਇਲਾਵਾ ਸੀ.ਐਚ.ਓਜ. ਨੂੰ ਬਣਦੀ ਤਨਖਾਹ ਤੋਂ ਇਲਾਵਾ ਕੋਵਿਡ ਨਾਲ ਸਬੰਧਤ ਡਿਊਟੀਆਂ ਨਿਭਾਉਣ ਲਈ 15000 ਪ੍ਰਤੀ ਮਹੀਨਾ ਅਲੱਗ ਤੋਂ ਭੱਤੇ ਦਿੱਤੇ ਜਾਂਦੇ ਹਨ।ਸਾਰੇ ਸੀ.ਐਚ.ਓਜ.  ਅਤੇ ਹੋਰ ਕਰਮਚਾਰੀਆਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਸਿਹਤ ਮੰਤਰੀ ਨੇ ਉਨਾਂ ਨੂੰ ਇਸ ਸੰਕਟਕਾਲੀ ਦੌਰ ਵਿੱਚ ਹੜਤਾਲ ‘ਤੇ ਨਾ ਜਾਣ ਲਈ ਕਿਹਾ। ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਮੈਡੀਕਲ ਐਮਰਜੈਂਸੀ ਦੇ ਮੱਦੇਨਜ਼ਰ  ਕਰਮਚਾਰੀ ਨੂੰ 10 ਮਈ (ਸੋਮਵਾਰ) ਨੂੰ ਸਵੇਰ ਆਪਣੀ ਡਿਊਟੀ ’ਤੇ ਮੁੜ ਹਾਜ਼ਰ ਹੋਣ।
ਸਿਹਤ ਮੰਤਰੀ ਨੇ ਕਿਹਾ ਕਿ ਇਸ ਹੜਤਾਲ ਨੇ ਖਾਸਕਰ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਚਲਾਈ ‘ਕੋਵਿਡ ਰੋਕੂ ਮੁਹਿੰਮ’ ਨੂੰ ਬਹੁਤ ਪ੍ਰਭਾਵਤ ਕੀਤਾ ਹੈ। ਤੰਦਰੁਸਤ ਪੰਜਾਬ ਦੇ ਸਿਹਤ ਕੇਂਦਰਾਂ ਦੇ ਸੀ.ਐਚ.ਓਜ਼., ਏ.ਐਨਐਮਜ਼ ਅਤੇ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਦੀ ਇੱਕ ਹਫਤੇ ਤੋਂ ਲੰਮੀ ਗੈਰਹਾਜ਼ਰੀ ਕਾਰਨ ਵਿੱਚ ਪਾਜ਼ਟਿਵਟੀ ਅਤੇ ਮੌਤ ਦਰ ਵਧੀ ਹੈ ਕਿਉਂਕਿ ਉਹ ਕੋਵਿਡ -19 ਦੇ ਸ਼ੱਕੀ ਮਰੀਜਾਂ ਦੇ ਨਮੂਨੇ ਲੈਣ , ਸੰਪਰਕ ਟ੍ਰੇਸਿੰਗ ਅਤੇ ਇਲਾਜ ਸਬੰਧੀ ਜ਼ਿੰਮੇਵਾਰੀ ਨਿਭਾ ਰਹੇ ਹਨ।ਉਹਨਾਂ ਕਿਹਾ ਜੇ ਐਨ.ਐਚ.ਐਮ. ਸਟਾਫ ਹੜਤਾਲ  ‘ਤੇ ਇਸੇ ਤਰਾਂ ਅੜਿਆ ਰਹਿੰਦਾ ਹੈ ਤਾਂ ਇਸ ਨਾਲ ਸ਼ਹਿਰੀ ਅਤੇ ਪੇਂਡੂ ਆਬਾਦੀ ਲਈ ਖ਼ਤਰਨਾਕ ਨਤੀਜੇ ਨਿਕਲ ਸਕਦੇ ਹਨ। ਉਹਨਾਂ ਦੱਸਿਆ ਕਿ ਹਾਲਾਂਕਿ ਉਕਤ ਕਰਮਚਾਰੀਆਂ ਦੀ  ਦੋ ਸਾਲਾਂ ਦੌਰਾਨ ਦੋ ਵਾਰ ਤਨਖਾਹ ਵਿੱਚ ਵਾਧਾ ਦਿੱਤਾ ਗਿਆ ਹੈ।ਐਨ.ਐਚ.ਐਮ. ਦੇ ਸਮੂਹ ਕਰਮਚਾਰੀਆਂ ਨੂੰ ਅਪੀਲ ਕਰਦਿਆਂ ਸਿਹਤ ਮੰਤਰੀ ਨੇ  ਕਿਹਾ ਕਿ ਉਹ ਹੜਤਾਲ ‘ਤੇ ਨਾ ਜਾਣ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਭ ਤੋਂ ਪਹਿਲਾਂ ਆਪਣੇ ਫਰਜ਼ ਨੂੰ ਤਰਜੀਹ ਦੇਣ । ਉਹਨਾਂ ਇਹ ਵੀ ਕਿਹਾ ਕਿ ਜੇ ਕਰਮਚਾਰੀ ਡਿਊਟੀਆਂ ਤੇ ਵਾਪਸ ਮੁੜਨ ਸਬੰਧੀ ਉਹਨਾਂ ਦੀ ਅਪੀਲ ਦਾ ਜਵਾਬ ਨਹੀਂ ਦਿੰਦੇ ਤਾਂ ਰਾਜ ਸਰਕਾਰ ਉਨਾਂ ਵਿਰੁੱਧ ਆਪਦਾ ਪ੍ਰਬੰਧਨ ਐਕਟ ਤਹਿਤ ਸਖਤ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।    
————————-   

NO COMMENTS