ਸਿਹਤ ਮੁਲਾਜ਼ਮਾਂ ਨੇ ਸਿਹਤ ਮੰਤਰੀ ਦੇ ਹਲਕੇ ਵਿੱਚ ਕੀਤਾ ਰੋਸ ਮਾਰਚ

0
36

ਮਾਨਸਾ 14 ਸਤੰਬਰ (ਸਾਰਾ ਯਹਾ/ ਔਲਖ) ਸਿਹਤ ਮੁਲਾਜ਼ਮਾਂ ਦੀਆਂ ਤਿੰਨ ਭਖਦੀਆਂ ਮੰਗਾਂ ਨੂੰ ਲੈ ਕੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਸਿਹਤ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਹੈਡਕੁਆਰਟਰਾਂ ਤੇ ਭੁੱਖ ਹੜਤਾਲ ਪਿਛੋਂ  ਸਿਹਤ ਮੁਲਾਜ਼ਮਾਂ ਦੁਆਰਾ 7 ਅਗਸਤ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਘੇਰਿਆ ਗਿਆ ਸੀ। ਜਿਸ ਉਪਰੰਤ ਪ੍ਰਸ਼ਾਸਨ ਨੇ 10 ਅਗਸਤ ਨੂੰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਸਿਹਤ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਰੈਗੂਲਰ ਕਰਵਾਉਣ ਅਤੇ ਨਵ ਨਿਯੁਕਤ ਮਲਟੀਪਰਪਜ ਹੈਲਥ ਵਰਕਰ ਮੇਲ ਦਾ ਪਰਖ ਕਾਲ ਘਟਾਉਣ ਦਾ ਭਰੋਸਾ ਦਿੱਤਾ ਸੀ। ਪਰ ਬਾਅਦ ਵਿੱਚ ਸਿਹਤ ਮੰਤਰੀ ਇਸ ਗੱਲ ਤੇ ਖਰੇ ਨਾ ਉਤਰੇ। ਇਸ ਪਿਛੋਂ ਸੰਘਰਸ਼ ਕਮੇਟੀ ਨੇ ਪੂਰੇ ਪੰਜਾਬ ਵਿੱਚ ਬਲਾਕ ਪੱਧਰ ਤੇ ਸਿਹਤ ਮੰਤਰੀ ਦੇ ਪੁਤਲੇ ਫੂਕੇ ਅਤੇ 14 ਸਤੰਬਰ ਨੂੰ ਸਿਹਤ ਮੰਤਰੀ ਦੇ ਵਿਧਾਨ ਸਭਾ ਹਲਕੇ ਮੋਹਾਲੀ ਵਿਖੇ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ।     ਹੋਰਨਾਂ ਜ਼ਿਲਿਆਂ ਦੇ ਨਾਲ ਨਾਲ ਮਾਨਸਾ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਸਿਹਤ ਮੁਲਾਜ਼ਮਾਂ ਨੇ ਇਸ ਰੋਸ ਮਾਰਚ ਵਿੱਚ ਭਾਗ ਲਿਆ। ਸੰਘਰਸ਼ ਕਮੇਟੀ ਆਗੂ ਕੇਵਲ ਸਿੰਘ ਨੇ ਦੱਸਿਆ ਕਿ ਸਿਹਤ ਮੁਲਾਜ਼ਮਾਂ ਨੇ ਇਹ ਰੋਸ ਮਾਰਚ ਭਾਗੋ ਮਾਜਰਾ ਤੋਂ ਸ਼ੁਰੂ ਕੀਤਾ  ਅਤੇ ਹਲਕੇ ਦੇ ਪਿੰਡਾਂ ਵਿੱਚ ਦੀ ਮਾਰਚ ਕਰਦੇ 6 ਫੇਜ਼ ਮੁਹਾਲੀ ਹਸਪਤਾਲ ਤੱਕ ਪਹੁੰਚੇ। ਜਿਥੇ ਪ੍ਰਸ਼ਾਸਨ ਨੇ 20 ਤਰੀਖ਼ ਦੀ ਮੀਟਿੰਗ ਦੀ ਪੇਸ਼ਕਸ਼ ਕੀਤੀ ਗਈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਕੋਈ ਹੱਲ ਨਾ ਕੀਤਾ ਗਿਆ ਤਾਂ 24 ਤਰੀਖ਼ ਤੋਂ ਬਠਿੰਡਾ ਵਿਖੇ ਅਗਲਾ ਸੰਘਰਸ਼ ਅਰੰਭਿਆ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਖਿਆਲਾ ਕਲਾਂ, ਨਿਰਮਲ ਸਿੰਘ ਕਣਕਵਾਲੀਆ ਬਲਾਕ ਪ੍ਰਧਾਨ ਸਰਦੁਲਗੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿਹਤ ਮੁਲਾਜ਼ਮ ਹਾਜ਼ਰ ਸਨ।

NO COMMENTS