ਪੰਜਾਬ ਸਰਕਾਰ ਵੱਲੋਂ ਮਿਡ-ਡੇਅ-ਮੀਲ ਸਟਾਫ਼ ਨੂੰ ਵੀ ਪ੍ਰਸੂਤਾ ਛੁੱਟੀ ਦਾ ਲਾਭ ਦੇਣ ਦਾ ਫੈ਼ਸਲਾ

0
84

ਚੰਡੀਗੜ੍ਹ 14 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਮਿੱਡ-ਡੇਅ-ਮੀਲ ਵਰਕਰਾਂ ਤੇ ਹੋਰ ਸਟਾਫ਼ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੇ ‘ਮੈਟਰਨਿਟੀ ਬੈਨੀਫ਼ਿਟ ਐਕਟ’ ਤਹਿਤ ਪ੍ਰਸੂਤਾ ਛੁੱਟੀ ਦਾ ਲਾਭ ਇਨ੍ਹਾਂ ਵਰਕਰਾਂ ਨੂੰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮਿਡ-ਡੇਅ-ਮੀਲ ਪੂਰੀ ਤਰ੍ਹਾਂ ਸਰਕਾਰੀ ਫ਼ੰਡ ਆਧਾਰਤ ਸਕੀਮ ਹੈ ਤੇ ਇਸ ਸਕੀਮ ਅਧੀਨ ਸਾਰੀਆਂ ਮਹਿਲਾ ਮੁਲਾਜ਼ਮ ਪ੍ਰਸੂਤਾ ਛੁੱਟੀ ਦਾ ਲਾਭ ਲੈਣ ਦੀਆਂ ਹੱਕਦਾਰ ਹੋਣਗੀਆਂ।

ਕੈਬਨਿਟ ਮੰਤਰੀ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ ਪਰ ਲਾਭਪਾਤਰੀ ਮੁਲਾਜ਼ਮਾਂ ਨੂੰ ਇਸ ਸਬੰਧੀ ਕੇਂਦਰ ਜਾਂ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਲਾਜ਼ਮੀ ਕਰਨੀ ਪਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਤਕਨੀਕਾਂ ਰਾਹੀਂ ਪੜ੍ਹਾਉਣ ਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਤੋਂ ਇਲਾਵਾ 6 ਹਜ਼ਾਰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਗਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਸੁਧਾਰਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਉਸਾਰੂ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ 15 ਫ਼ੀਸਦੀ ਵਧੀ ਹੈ।

ਉਨ੍ਹਾਂ ਨਾਲ ਹੀ ਆਖਿਆ ਕਿ ਕੋਵਿਡ-19 ਮਹਾਂਮਾਰੀ ਦੇ ਫੈਲਾਅ ਦੌਰਾਨ ਸਰਕਾਰੀ ਸਕੂਲ ਅਧਿਆਪਕ ਇੰਟਰਨੈੱਟ ਦੀ ਮਦਦ ਨਾਲ ਵਿਦਿਆਰਥੀਆਂ ਦੀਆਂ ਬਾਕਾਇਦਾ ਆਨਲਾਈਨ ਕਲਾਸਾਂ ਲੈ ਰਹੇ ਹਨ। ਇਸ ਦੇ ਨਾਲ-ਨਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਦੂਰਦਰਸ਼ਨ ਸਣੇ ਹੋਰ ਟੀਵੀ ਚੈਨਲਾਂ ਦੀ ਸਹਾਇਤਾ ਨਾਲ ਕਲਾਸਾਂ ਦਾ ਪ੍ਰਸਾਰਣ ਵੀ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here