
ਖਿਆਲਾ ਕਲਾਂ, 8 ਸਤੰਬਰ (ਸਾਰਾ ਯਹਾ, ਔਲਖ ) ਅੱਜ ਸੀ ਐਚ ਸੀ ਖਿਆਲਾ ਕਲਾਂ ਵਿਖੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਸਿਹਤ ਮੁਲਾਜ਼ਮਾਂ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਗਿਆ| ਸੀ ਐਚ ਸੀ ਖਿਆਲਾ ਕਲਾਂ ਦੇ ਸਮੂਹ ਸਿਹਤ ਕਰਮਚਾਰੀਆਂ ਵੱਲੋਂ ਸੀ ਐਚ ਸੀ ਦੇ ਗੇਟ ਤੇ ਸਿਹਤ ਮੰਤਰੀ ਦਾ ਪਿੱਟ ਸਿਆਪਾ ਕੀਤਾ ਗਿਆ | ਕਿਉਂਕਿ ਸਿਹਤ ਮੰਤਰੀ ਵੱਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆ ਜਾਇਜ਼ ਮੰਗਾ ਨੂੰ ਹਰ ਵਾਰ ਅੱਖੋਂ ਪਰੋਖੇ ਕੀਤਾ ਗਿਆ | ਸਿਹਤ ਕਰਮਚਾਰੀਆਂ ਦੀਆ ਭਾਵੇਂ ਬਹੁਤ ਹੀ ਥੋੜੀਆਂ ਜਾਇਜ਼ ਮੰਗਾਂ ਹਨ ਜਿਵੇਂ ਕਿ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਪਹਿਲ ਦੇ ਅਧਾਰ ਤੇ ਪੱਕਾ ਕਰਨ, ਨਵਨਿਯੁਕਤ ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪਰਖਕਾਲ ਸਮਾਂ 3 ਸਾਲ ਤੋਂ ਘਟਾ ਕਿ 2 ਸਾਲ ਕਰਨਾ ਅਤੇ ਕੋਵਿਡ 19 ਮਹਾਮਾਰੀ ਦੋਰਾਨ ਫਰੰਟ ਲਾਈਨ ਤੇ ਕੰਮ ਕਰਦੇ ਸਿਹਤ ਮੁਲਾਜ਼ਮਾਂ ਨੂੰ ਸਪੈਸ਼ਲ ਭੱਤਾ ਦੇਣਾ ਆਦਿ ਹਨ | ਇਹਨਾਂ ਮੰਗਾ ਸਬੰਧੀ ਵਾਰ ਵਾਰ ਸਿਹਤ ਮੰਤਰੀ ਨਾਲ ਸਮੇਂ ਸਮੇਂ ਤੇ ਮੀਟਿੰਗਾਂ ਵੀ ਹੋਈਆਂ ਪਰੰਤੂ ਸਿਹਤ ਮੰਤਰੀ ਵੱਲੋਂ ਸਿਵਾਏ ਲਾਰਿਆਂ ਤੋਂ ਕੁਝ ਵੀ ਨਹੀਂ ਮਿਲਿਆ | ਪੰਜਾਬ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਮਾਨਸਾ ਦੇ ਸਰਪ੍ਰਸਤ ਸ਼੍ਰੀ ਕੇਵਲ ਸਿੰਘ ਨੇ ਦੱਸਿਆ ਕਿ ਪਿੱਛਲੇ ਦਿਨੀ 7 ਅਗਸਤ ਨੂੰ ਸਮੁਚੇ ਸਿਹਤ ਮੁਲਾਜ਼ਮਾਂ ਨੇ ਪਟਿਆਲਾ ਵਿਖੇ ਵੱਡਾ ਸੰਘਰਸ਼ ਕੀਤਾ ਗਿਆ ਪਰੰਤੂ ਉਸ ਸੰਘਰਸ਼ ਦੌਰਾਨ ਸਿਹਤ ਮੰਤਰੀ ਦੇ ਭਰੋਸੇ ਕਾਰਨ ਸੰਘਰਸ਼ ਮੁਲਤਵੀ ਕੀਤੇ ਗਏ ਪਰੰਤੂ ਮੀਟਿੰਗ ਬੇਸਿੱਟਾ ਰਹੀ | ਸ਼੍ਰੀ ਚਾਨਣ ਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ ਸਾਰਥਕ ਨਤੀਜਾ ਨਾ ਨਿਕਲਣ ਕਾਰਨ ਸਮੁਚੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ 14 ਸਤੰਬਰ ਨੂੰ ਸਿਹਤ ਮੰਤਰੀ ਦੇ ਹਲਕੇ ਚ ਸੰਘਰਸ਼ ਕਰ ਕੇ ਸਿਹਤ ਮੰਤਰੀ ਦਾ ਚਿਹਰਾ ਨੰਗਾ ਕੀਤਾ ਜਾਵੇਗਾ | ਸ਼੍ਰੀਮਤੀ ਕਿਰਨਜੀਤ ਕੌਰ ਅਤੇ ਰਾਣੀ ਕੌਰ ਆਗੂ ਏ ਐੱਨ ਐੱਮ ਨੇ ਦੱਸਿਆ ਕਿ ਪਿੱਛਲੇ 14 ਸਾਲ ਤੋਂ ਨਿਗੂਣੀਆਂ ਤਨਖਾਹ ਤੇ ਕੰਮ ਕਰਦੀਆਂ ਹਨ ਪਰੰਤੂ ਸਰਕਾਰ ਵੱਲੋਂ ਉਹਨਾਂ ਨੂੰ ਪੱਕਾ ਕਰਨ ਦੀ ਨੀਤੀ ਟਾਲ ਮਟੋਲ ਕਰ ਕੇ ਉਹਨਾਂ ਦੇ ਉੱਪਰ ਨਵੀਆਂ ਰੈਗੂਲਰ ਭਰਤੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਜੋ ਕਿ ਗ਼ਲਤ ਹੈ | ਇਸ ਭਾਰਤੀ ਦਾ ਉਹ ਜ਼ੋਰਦਾਰ ਵਿਰੋਧ ਕਰਨਗੀਆਂ ਇਸ ਮੌਕੇ ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਖਿਆਲਾ ਕਲਾਂ,ਜਗਦੀਸ਼ ਸਿੰਘ ਰੁੜ੍ਹ , ਸੰਜੀਵ ਕੁਮਾਰ, ਸੁਖਪਾਲ ਸਿੰਘ,ਸਰਬਜੀਤ ਸਿੰਘ,ਨਰਿੰਦਰ ਸਿੰਘ,ਮਨਦੀਪ ਸਿੰਘ,ਭੋਲਾ ਸਿੰਘ,ਤਰਸੇਮ ਸਿੰਘ,ਗੁਰਦੀਪ ਸਿੰਘ, ਹਰਦੀਪ ਸਿੰਘ,ਲਖਵੀਰ ਸਿੰਘ,ਸ਼ਿੰਦਰ ਕੌਰ,ਕੁਲਵਿੰਦਰ ਕੌਰ ਹਾਜ਼ਰ ਸਨ |
