ਸਿਹਤ ਮੁਲਾਜ਼ਮਾਂ ਦੀ ਭੁੱਖ ਹੜਤਾਲ ਦੂਸਰੇ ਦਿਨ ਵੀ ਜਾਰੀ

0
33

ਮਾਨਸਾ,  25 ਜੁਲਾਈ (ਸਾਰਾ ਯਹਾ,ਔਲਖ ) ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਦੇ ਵਿਰੋਧ ਵਿੱਚ ਸਾਰੇ ਜਿਲਿਆਂ ਵਿੱਚ ਸਿਹਤ ਮੁਲਾਜ਼ਮਾਂ ਵਲੋਂ ਲੜੀਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਮਾਨਸਾ  ਜ਼ਿਲ੍ਹੇ ਵਿੱਚ ਸਿਵਲ ਸਰਜਨ ਦਫ਼ਤਰ  ਵਿਖੇ 24 ਜੁਲਾਈ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਜੋ ਕਿ ਅੱਜ ਦੂਸਰੇ ਦਿਨ ਵੀ ਜਾਰੀ ਰਹੀ। ਅੱਜ ਕੇਵਲ ਸਿੰਘ, ਹਰਦੀਪ ਸਿੰਘ, ਪੰਮੀ ਕੌਰ, ਬਲਜੀਤ ਰਾਣੀ, ਅਮਰਜੀਤ ਕੌਰ ਇਸ ਭੁੱਖ ਹੜਤਾਲ ‘ਤੇ ਬੈਠੇ।      ਸੰਜੀਵ ਕੁਮਾਰ ਜਿਲ੍ਹਾ ਜਨਰਲ ਸਕੱਤਰ ਨੇ ਸਰਕਾਰ ਦੀਆਂ ਮੁਲਾਜ਼ਮਾਂ ਵਿਰੋਧੀ ਨੀਤੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਐਨ ਐਚ ਐਮ ਅਤੇ 2211 ਅਧੀਨ ਸਿਹਤ ਵਰਕਰ ਫੀਮੇਲ ਪਿਛਲੇ 12-13 ਸਾਲ ਤੋਂ ਮਹਿਕਮੇ ਵਿੱਚ ਨਿਗੂਣੀ ਤਨਖਾਹ ‘ਤੇ ਆਪਣੀਆਂ ਸੇਵਾਵਾਂ ਇਸ ਆਸ ਵਿੱਚ ਨਿਭਾ ਰਹੀਆਂ ਹਨ ਕਿ ਇੱਕ ਦਿਨ ਉਹ ਰੈਗੁਲਰ ਹੋ ਜਾਣਗੀਆਂ ਪਰ ਸਰਕਾਰਾਂ ਨੇ  ਹੁਣ ਤੱਕ ਸਿਰਫ ਲਾਰੇ ਹੀ ਲਾਏ ਹਨ। ਜਿਵੇਂ ਕਹਿੰਦੇ ਹਨ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਸਰਕਾਰ ਹਾਲੇ ਵੀ ਇਨ੍ਹਾਂ ਨੂੰ ਰੈਗੂਲਰ ਨਹੀਂ ਕਰ ਰਹੀ। ਇਸ ਮੌਕੇ ਪੰਮੀ ਕੌਰ ਏ ਐਨ ਐਮ ਨੇ  ਸਰਕਾਰ ਤੋਂ ਮੰਗ ਕੀਤੀ ਕਿ ਨਵੀਂ ਭਰਤੀ ਕਰਨ ਤੋਂ ਪਹਿਲਾਂ ਪਿਛਲੇ 12-15 ਸਾਲ ਤੋਂ ਐਨ.  ਐਚ.  ਐਮ.  ਅਤੇ  2211 ਹੈਡ ਅਧੀਨ ਠੇਕੇ ਤੇ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ, ਸਿਹਤ ਵਿਭਾਗ ਵਿੱਚ ਨਵੇਂ ਭਰਤੀ ਹੋਏ ਮਲਟੀ ਪਰਪਜ਼ ਹੈਲਥ ਵਰਕਰ ਮੇਲ ਦਾ ਪਰਖ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ।  ਇਸ ਤੋਂ ਇਲਾਵਾ ਕੋਵਿਡ-19 ਦੌਰਾਨ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਿਹਤ ਕਾਮਿਆਂ ਨੂੰ ਸਪੈਸ਼ਲ ਇੰਨਕਰੀਮੈਂਟ ਦਿੱਤਾ ਜਾਵੇ। ਜਗਦੀਸ਼ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਵਿਰੋਧੀ ਨਵੇਂ ਫੁਰਮਾਨ ਵਿੱਚ ਕੇਂਦਰੀ ਤਨਖਾਹ ਕਮਿਸ਼ਨ ਅਨੁਸਾਰ ਤਨਖਾਹਾਂ ਦੀ ਕਟੌਤੀ ਅਤੇ ਨਵ ਨਿਯੁਕਤ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਤੇ ਤਨਖਾਹ ਦੇਣ ਦਾ ਮਾਰੂ ਫੈਸਲਾ ਕੀਤਾ ਗਿਆ ਹੈ। ਜਿਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਕਿਉਂਕਿ ਜਦੋਂ ਸੂਬਿਆਂ ਦੇ ਵੱਖਰੇ ਤਨਖਾਹ ਕਮਿਸ਼ਨ ਬਣੇ ਹੋਏ ਹਨ ਫਿਰ ਮੁਲਾਜ਼ਮਾਂ ‘ਤੇ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਕੀ ਤੁਕ ਬਣਦੀ ਹੈ। ਕੇਵਲ ਸਿੰਘ ਜ਼ਿਲਾ ਪ੍ਰਧਾਨ ਨੇ ਦੱਸਿਆ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਇਹ ਭੁੱਖ ਹੜਤਾਲ 6 ਅਗਸਤ 2020 ਤੱਕ ਜਾਰੀ ਰਹੇਗੀ ਅਤੇ  7 ਅਗਸਤ 2020 ਨੂੰ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ। ਇਸ ਭੁੱਖ ਹੜਤਾਲ ਦਾ ਪੀ.  ਸੀ. ਐਮ.  ਐਸ.  ਐਸੋਸੀਏਸ਼ਨ ਅਤੇ ਐਨ.  ਐਚ.  ਐਮ. ਯੁਨੀਅਨ ਦੇ ਸਮੂਹ ਮੁਲਾਜ਼ਮਾਂ ਵਲੋਂ ਪੁਰਜ਼ੋਰ ਸਮਰਥਨ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ ਉਸ ਵਿੱਚ ਪੂਰਨ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਜਗਦੀਸ਼ ਸਿੰਘ, ਚਾਨਣ ਦੀਪ ਸਿੰਘ, ਹਰਦੀਪ ਸਿੰਘ, ਡਾ. ਅਰਸ਼ਦੀਪ ਸਿੰਘ,  ਡਾ.  ਵਿਸ਼ਵਜੀਤ ਸਿੰਘ, ਜਗਦੇਵ ਸਿੰਘ ,ਅਵਤਾਰ ਸਿੰਘ,  ਰਵਿੰਦਰ ਕੁਮਾਰ, ਚਰਨਜੀਤ ਕੌਰ, ਗੁਰਚਰਨ ਕੌਰ, ਸੁਮਨਦੀਪ ਕੌਰ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here