ਮਾਨਸਾ 01 ਜੁਲਾਈ:(ਸਾਰਾ ਯਹਾਂ/ਬਿਊਰੋ ਨਿਊਜ਼)
ਸਿਹਤ ਬਲਾਕ ਖਿਆਲਾ ਕਲਾਂ ਵੱਲੋ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਆਦੇਸ਼ਾਂ ਅਤੇ ਸਿਵਲ ਸਰਜਨ ਡਾ ਹਰਦੇਵ ਸਿੰਘ ਦੀ ਅਗਵਾਈ ਹੇਠ ਦਸਤ ਰੋਕੂ ਮੁਹਿੰਮ ਦੀ ਸ਼ੁਰੂਆਤ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਕੀਤੀ ਗਈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦੂ ਬਾਂਸਲ ਨੇ ਕੈਂਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੁਹਿੰਮ ਸਿਹਤ ਟੀਮਾਂ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿੱਖਿਆ ਵਿਭਾਗ ਅਤੇ ਜਲ ਸਰੋਤ ਵਿਭਾਗ ਦੇ ਸਹਿਯੋਗ ਨਾਲ ਚਲਾਈ ਜਾਵੇਗੀ। ਇਹ ਮੁਹਿੰਮ ‘ਦਸਤਾਂ ਦੀ ਰੋਕਥਾਮ, ਸਫਾਈ ਅਤੇ ਓ.ਆਰ.ਐਸ. ਨਾਲ ਰੱਖੋ ਆਪਣਾ ਖਿਆਲ’ ਸਲੋਗਨ ਤਹਿਤ ਚਲਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਭਵਿੱਖ ਤਾਂ ਹੀ ਉੱਜਲਾ ਹੋਵੇਗਾ ਜੇਕਰ ਬੱਚੇ ਤੰਦਰੁਸਤ ਹੋਣਗੇ। ਉਨ੍ਹਾਂ ਦੱਸਿਆ ਕਿ 01 ਜੁਲਾਈ ਤੋਂ 31 ਅਗਸਤ ਤੱਕ ਦਸਤ ਲੱਗਣ ਦਾ ਖ਼ਤਰਾ ਜਿਆਦਾ ਹੁੰਦਾ ਹੈ, ਇਸ ਦੌਰਾਨ ਤੀਬਰ ਦਸਤ ਰੋਕੂ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਮੈਡੀਕਲ ਅਫ਼ਸਰ, ਡਾ. ਨੇਹਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਦਸਤ ਰੋਗ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜ਼ੀਰੋ ’ਤੇ ਲਿਆਉਣਾ ਹੈ। ਸੰਸਾਰ ਵਿਚ ਹਰ ਸਾਲ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ ਦੋ ਲੱਖ ਮੌਤਾਂ ਕੇਵਲ ਦਸਤ ਰੋਗ ਕਾਰਨ ਹੀ ਹੁੰਦੀਆਂ ਹਨ, ਜਿੰਨ੍ਹਾਂ ਵਿਚੋਂ ਇਕ ਲੱਖ ਮੌਤਾਂ ਕੇਵਲ ਭਾਰਤ ਵਿੱਚ ਹੀ ਹੁੰਦੀਆਂ ਹਨ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਬਲਾਕ ਖਿਆਲਾ ਕਲਾਂ ਅਧੀਨ ਏਰੀਏ ਵਿੱਚ 05 ਸਾਲ ਤੋਂ ਘੱਟ ਉਮਰ ਦੇ 18245 ਬੱਚਿਆਂ ਨੂੰ ਓ.ਆਰ.ਐਸ ਪੈਕਟ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਵਲੋਂ ਮੁਫ਼ਤ ਵੰਡੇ ਜਾਣਗੇ ਅਤੇ ਦਸਤ ਹੋਣ ਦੀ ਹਾਲਤ ਵਿਚ ਪੂਰਨ ਇਲਾਜ਼ ਲਈ ਜਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ।
ਕਮਿਊਨਿਟੀ ਸਿਹਤ ਅਫ਼ਸਰ ਦਿਲਰਾਜ ਕੌਰ ਅਤੇ ਦੁਰਗਾ ਰਾਮ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਦਸਤ ਰੋਕੂ ਮੁਹਿੰਮ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿੰਕ ਕਾਰਨਰ ਅਤੇ ਸਕੂਲਾਂ ਵਿਚ ਹੱਥ ਧੋਣ ਦੇ ਤਰੀਕਿਆਂ ਸਮੇਤ ਸਿਹਤਮੰਦ ਆਦਤਾਂ ਅਪਨਾਉਣ ਲਈ ਸੰਚਾਰ ਦੇ ਵੱਖ ਵੱਖ ਸਾਧਨਾਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ‘ਦਸਤ ਰੋਕੂ ਮੁਹਿੰਮ’ ਦੀ ਮਹੱਤਤਾ ਸੰਬੰਧੀ ਸੰਦੇਸ਼ ਘਰ ਘਰ ਤੱਕ ਪਹੁੰਚ ਸਕੇ।
ਇਸ ਮੌਕੇ ਸਰਬਜੀਤ ਕੌਰ, ਸਰਬਜੀਤ ਸਿੰਘ, ਦੀਦਾਰ ਸਿੰਘ ਅਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।