ਬੁਢਲਾਡਾ, 2 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ/ਚਾਨਣਦੀਪ ਔਲਖ)
ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਿਵਲ ਸਰਜਨ ਮਾਨਸਾ ਡਾ ਅਸ਼ਵਨੀ ਕੁਮਾਰ ਦੇ ਨਿਰਦੇਸ਼ ਅਨੁਸਾਰ ਸਿਹਤ ਟੀਮਾਂ ਘਰ-ਘਰ ਜਾ ਕੇ ਡੇਂਗੂ ਮੱਛਰ ਦੇ ਲਾਰਵੇ ਦੇ ਹੌਟਸਪੌਟਸ ਦਾ ਨਿਰੀਖਣ ਕਰ ਰਹੀਆਂ ਹਨ। ਜਿਨ੍ਹਾਂ ਵਿੱਚ ਕੂਲਰ, ਗਮਲਿਆਂ ਹੇਠ ਰੱਖੀਆਂ ਟਰੇਆਂ, ਪੰਛੀਆਂ ਲਈ ਪਾਣੀ ਨਾਲ ਭਰੇ ਭਾਂਡੇ ਅਤੇ ਖੁੱਲ੍ਹੇ ਵਿੱਚ ਪਏ ਬਰਤਨ ਸ਼ਾਮਲ ਹਨ। ਇਸੇ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਚੇਤਨ ਪ੍ਰਕਾਸ਼ ਦੀ ਅਗਵਾਈ ਵਿੱਚ ਬਲਾਕ ਬੁਢਲਾਡਾ ਦੇ ਪਿੰਡਾਂ ਵਿੱਚ ਸਿਹਤ ਕਰਮਚਾਰੀਆਂ ਵੱਲੋਂ ਲਾਰਵਾ ਚੈੱਕ ਕੀਤਾ ਗਿਆ ਅਤੇ ਜਾਣਕਾਰੀ ਦਿੱਤੀ ਗਈ।
ਬੋਹਾ ਵਿਖੇ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਡੇਂਗੂ ਇੱਕ ਘਾਤਕ ਬਿਮਾਰੀ ਹੈ ਅਤੇ ਇਸ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਈਏ। ਉਨ੍ਹਾਂ ਦੱਸਿਆ ਕਿ ਤੇਜ਼ ਬੁਖਾਰ ਹੋਣਾ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜ੍ਹਿਆਂ ਅਤੇ ਨੱਕ ਵਿਚੋਂ ਖੂਨ ਵਗਣਾ ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਵਿੰਦਰ ਸਿੰਘ ਸਿਹਤ ਕਰਮਚਾਰੀ ਅਤੇ ਬ੍ਰੀਡਿੰਗ ਚੈੱਕਰ ਹਾਜ਼ਰ ਸਨ।
ਸੈਕਟਰ ਬਰ੍ਹੇ ਅਧੀਨ ਪੈਂਦੇ ਪਿੰਡਾਂ ਮੱਲ ਸਿੰਘ ਵਾਲਾ ਅਤੇ ਟਾਹਲੀਆਂ ਵਿੱਚ ਡੇਂਗੂ ਮਲੇਰੀਏ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜ਼ਰ ਅਸ਼ਵਨੀ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸਵੇਰੇ 10 ਵਜੇ ਤੱਕ ਇੱਕ ਘੰਟਾ ਆਪਣੇ ਘਰਾਂ ਅਤੇ ਆਲੇ ਦੁਆਲੇ ਡੇਂਗੂ ਖਤਮ ਕਰਨ ਲਈ ਲਾਉਣ। ਇਸ ਦੌਰਾਨ ਸਾਰੇ ਫੁੱਲਾਂ ਦੇ ਗਮਲੇ, ਕੂਲਰ ਚ ਖੜ੍ਹਾ ਪਾਣੀ, ਫਰਿਜ ਦੀਆਂ ਟਰੇਆਂ ਅਤੇ ਖੁੱਲ੍ਹੇ ਵਿੱਚ ਪਏ ਪਾਣੀ ਨਾਲ ਭਰੇ ਹੋਰ ਕਿਸੇ ਵੀ ਭਾਂਡੇ ਚੋਂ ਪਾਣੀ ਦੀ ਨਿਕਾਸੀ ਕਰਨ ਤੋਂ ਇਲਾਵਾ ਸੁਕਾਅ ਦੇਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਲਾਰਵੇ ਦਾ ਪ੍ਰਜਣਨ ਚੱਕਰ ਟੁੱਟ ਜਾਵੇ, ਜਿਸ ਨੂੰ ਬਾਲਗ਼ ਮੱਛਰ ਵਜੋਂ ਵਿਕਸਿਤ ਹੋਣ ਵਿੱਚ ਇੱਕ ਹਫ਼ਤਾ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣ/ਤਲਣ ਲਈ ਵਰਤਿਆ ਜਾਂਦਾ ਤੇਲ ਜਦੋਂ ਵਰਤੋਂ ਯੋਗ ਨਾ ਰਹੇ ਤਾਂ ਅਸੀਂ ਉਸ ਨੂੰ ਵੀ ਖੜ੍ਹੇ ਪਾਣੀ ਵਿੱਚ ਮਿਲਾ ਕੇ ਡੇਂਗੂ ਮੱਛਰ ਦੇ ਲਾਰਵੇ ਨੂੰ ਖਤਮ ਕਰ ਸਕਦੇ ਹਾਂ। ਇਸ ਮੌਕੇ ਸਿਹਤ ਕਰਮਚਾਰੀ ਨਵਦੀਪ ਕਾਠ, ਨਿਰਭੈ ਸਿੰਘ, ਰਾਹੁਲ ਕੁਮਾਰ ਅਤੇ ਆਸ਼ਾ ਵਰਕਰਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਪਿੰਡ ਗੜੱਦੀ ਵਿਖੇ ਸਿਹਤ ਸੁਪਰਵਾਈਜ਼ਰ ਭੋਲਾ ਸਿੰਘ ਅਤੇ ਸਿਹਤ ਕਰਮਚਾਰੀ ਅਸ਼ੋਕ ਕੁਮਾਰ ਨੇ ਪਾਣੀ ਦੇ ਸਰੋਤਾਂ ਦਾ ਨਿਰੀਖਣ ਕੀਤਾ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਨੁਕਤੇ ਦੱਸੇ।