ਮਾਨਸਾ, 28 ਅਗਸਤ (ਸਾਰਾ ਯਹਾਂ/ ਔਲਖ ) ਸਿਹਤ ਵਿਭਾਗ ਪੰਜਾਬ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਮਲੇਰੀਆ ਅਤੇ ਡੇਗੂ ਦੀ ਰੋਕਥਾਮ ਲਈ ਨਿਰੰਤਰ ਯਤਨਸ਼ੀਲ ਹੈ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾਕਟਰ ਹਿਤਿੰਦਰ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਰਸ਼ਦੀਪ ਸਿੰਘ, ਸ੍ਰੀ ਸੰਤੋਸ਼ ਭਾਰਤੀ, ਏ. ਐਮ. ਓ. ਕੇਵਲ ਸਿੰਘ, ਗੁਰਜੰਟ ਸਿੰਘ , ਸਮੂਹ ਮਲਟੀਪਰਪਜ ਸਿਹਤ ਸੁਪਰਵਾਈਜ਼ਰ ਅਤੇ ਮਲਟੀਪਰਪਜ ਹੈਲਥ ਵਰਕਰਾਂ ਦੀ ਟੀਮ ਆਮ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਗਤੀਵਿਧੀਆਂ ਕਰ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਮਲੇਰੀਆ ਪਾਜ਼ਿਟਿਵ ਕੇਸ ਰਿਪੋਰਟ ਹੋਣ ਤੋਂ ਬਾਅਦ ਗਤੀਵਿਧੀਆਂ ਵਿੱਚ ਹੋਰ ਵੀ ਤੇਜ਼ੀ ਲਿਆਂਦੀ ਗਈ ਹੈ। ਪਾਜ਼ਿਟਿਵ ਕੇਸਾਂ ਦੇ ਘਰਾਂ ਦੇ ਆਲੇ-ਦੁਆਲੇ ਮਾਸ ਸਰਵੇ ਕਰਕੇ ਬੁਖਾਰ ਦੇ ਮਰੀਜ਼ਾਂ ਦਾ ਖੂਨ ਟੈਸਟ ਕੀਤਾ ਜਾ ਰਿਹਾ ਹੈ, ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਸਪਰੇ ਕਰਵਾਈ ਜਾ ਰਹੀ ਹੈ।
ਇੱਕ ਨਵਾਂ ਉਪਰਾਲਾ ਕਰਦਿਆਂ ਸਾਰੇ ਪਿੰਡਾਂ ਦੇ ਗੁਰੂ ਘਰਾਂ ਦੇ ਸਪੀਕਰਾਂ ਰਾਹੀਂ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਘਰਾਂ ਦੇ ਨੇੜੇ ਪਾਣੀ ਨਾ ਖੜਾ ਹੋਣ ਦੇਣ, ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀਆਂ, ਸਰੀਰ ਨੂੰ ਪੂਰਾ ਢਕਣ ਵਾਲੇ ਕੱਪੜੇ ਅਤੇ ਕਰੀਮਾਂ ਦੀ ਵਰਤੋਂ, ਮੱਛਰਾਂ ਦੇ ਖਾਤਮੇ ਲਈ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਅਤੇ ਬੁਖਾਰ ਹੋਣ ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਤੋਂ ਖੂਨ ਟੈਸਟ ਕਰਵਾਉਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸਿਹਤ ਮੁਲਾਜ਼ਮਾਂ ਵਲੋਂ ਫਰਿੱਜਾਂ ਦੀਆਂ ਟਰੇਆਂ ਅਤੇ ਕੂਲਰਾਂ ਵਿਚ ਮੱਛਰਾਂ ਦਾ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਅਤੇ ਹਰ ਸ਼ੁਕਰਵਾਰ ਨੂੰ ਡਰਾਈ ਡੇ ਮਨਾਉਣ ਲਈ ਵੀ ਦੱਸਿਆ ਜਾ ਰਿਹਾ ਹੈ ਇਸ ਦਿਨ ਘਰ ਵਿਚਲੇ ਕੂਲਰ ਅਤੇ ਗਮਲਿਆਂ ਆਦਿ ਦਾ ਪਾਣੀ ਬਦਲਣ ਦੀ ਸਲਾਹ ਦਿੱਤੀ ਗਈ ਹੈ।