ਸਿਹਤ ਕਰਮਚਾਰੀ ਸਰਕਾਰ ਦੀ ਸਵੱਲੀ ਨਜ਼ਰ ਦੇ ਇੰਤਜ਼ਾਰ ਵਿੱਚ

0
24

ਸਾਲ 2020 ਜਦੋਂ ਕਰੋਨਾ ਵਾਇਰਸ ਦਾ ਖਤਰਾ ਸਾਰੀਆਂ ਦੁਨੀਆਂ ਵਿੱਚ ਮੰਡਰਾ ਰਿਹਾ ਸੀ ‌। ਕੋਈ ਵੀ ਦੇਸ਼ ਇਸ ਵਾਇਰਸ ਦੇ ਹਮਲੇ ਤੋਂ ਅਛੂਤਾਂ ਨਹੀਂ ਰਿਹਾ। ਭਾਰਤ ਦੇ ਲੋਕਾਂ ਨੂੰ ਵੀ ਇਸਨੇ ਸ਼ਿਕਾਰ ਬਣਾ ਲਿਆ।ਕੇਰਲਾ ਤੋਂ ਬਾਅਦ ਹੋਲੀ ਹੋਲੀ ਇਸਦਾ ਪ੍ਰਕੋਪ ਸਾਰੇ ਭਾਰਤ ਵਿੱਚ ਹੋ ਗਿਆ। ਪੰਜਾਬ ਵੀ ਇਸਦੀ ਚਪੇਟ ਵਿੱਚ ਆ ਗਿਆ। ਦੇਸ਼ ਵਿਆਪੀ ਲੌਕ ਡਾਊਨ ਲਗਾ ਦਿੱਤਾ ਗਿਆ। ਸਾਰੇ ਲੋਕ ਘਰਾਂ ਵਿੱਚ ਕੈਦ ਹੋ ਗਏ। ਇੰਝ ਲਗਦਾ ਸੀ ਜਿਵੇਂ ਜ਼ਿੰਦਗੀ ਰੁੱਕ ਗਈ ਹੋਵੇ।ਜਦੋਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਸੀ ਤਾਂ ਉਦੋਂ ਸਿਹਤ ਵਿਭਾਗ ਦੀ ਇੱਕ ਸ਼੍ਰੇਣੀ ਮਸੀਹਾ ਬਣ ਕੇ ਸਾਹਮਣੇ ਆਈ।ਉਹ ਸੀ ਮਲਟੀਪਰਪਜ ਹੈਲਥ ਵਰਕਰ ਮੇਲ ਅਤੇ ਫੀਮੇਲ । ਜਿੰਨਾ ਨੇ ਗਰਾਊਂਡ ਲੇਵਲ ਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਉਠਾਇਆ। ਉਸਤੋਂ ਬਾਅਦ ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਏਕਾਂਤਵਾਸ ਕੀਤਾ ਅਤੇ ਉਹਨਾਂ ਦੇ ਕੋਵਿਡ ਟੈਸਟ ਕਰਵਾਏ। ਬਿਨਾਂ ਕਿਸੇ ਸੁਰੱਖਿਆ ਦੇ ਇਹ ਹੈਲਥ ਵਰਕਰ ਮੇਲ ਅਤੇ ਫੀਮੇਲ ਅਪਣੀ ਜਾਨ ਤਲੀ ਤੇ ਧਰਕੇ ਲੋਕਾਂ ਨੂੰ ਡੋਰ ਟੂ ਡੋਰ ਜਾ ਕੇ ਜਾਗਰੂਕ ਕਰਨ ਲੱਗੇ। ਵਿਦੇਸ਼ਾਂ, ਦੂਸਰੇ ਸੂਬਿਆਂ ਤੋਂ ਆਏ ਲੋਕਾਂ ਨੂੰ ਟ੍ਰੇਸ ਕਰਕੇ ਏਕਾਤਵਾਸ ਕੀਤਾ।ਜਦੋਂ ਕਿਸੇ ਵਿਅਕਤੀ ਦੀ ਮੌਤ ਇਸ ਵਾਇਰਸ ਨਾਲ ਹੋ ਜਾਂਦੀ ਸੀ ਮਿਰਤਕ ਦੇ ਘਰ ਵਾਲੇ ਉਹਨਾਂ ਦੇ ਅੰਤਿਮ ਸੰਸਕਾਰ ਕਰਨ ਤੋਂ ਭੱਜ ਰਹੇ ਸਨ ਤਾਂ ਇਹਨਾਂ ਨੇਂ ਮਿਰਤਕ ਵਿਅਕਤੀਆਂ ਦੀਆਂ ਅੰਤਿਮ ਰਸਮਾਂ ਨਿਭਾਈਆਂ।ਅੰਤਰਰਾਜੀ ਨਾਕਿਆਂ ਤੇ ਦਿਨ ਰਾਤ ਦੀ ਡਿਊਟੀ ਕਰਕੇ ਬਾਹਰਲੇ ਸੂਬਿਆਂ ਤੋ ਆਉਂਦੇ ਲੋਕਾਂ ਦੀ ਸਕਰੀਨਿੰਗ ਕੀਤੀ। ਕੋਵਿਡ ਕੇਅਰ ਸੈਂਟਰਾਂ ਵਿੱਚ ਡਿਊਟੀ ਕੀਤੀ।ਪੋਜੇਟਿਵ ਆਏ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭ ਕੇ ਉਹਨਾਂ ਦੀ ਸੈਪਲਿੰਗ ਕਰਵਾਈ। ਸੈਂਪਲਿੰਗ ਟੀਮਾਂ ਵਿੱਚ ਡਿਊਟੀ ਨਿਭਾਈ ਅਤੇ ਖੁਦ ਵੀ ਸੈਂਪਲ ਲਏ।ਪੋਜੇਟਿਵ ਆਏ ਵਿਅਕਤੀਆਂ ਦਾ ਰੋਜ਼ਾਨਾ ਫਾਲੋਅੱਪ ਕਰਦੇ ਰਹੇ। ਕੋਈ ਲੱਛਣ ਸਾਹਮਣੇ ਆਉਣ ਤੇ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰਕੇ ਰੈਫਰ ਕਰਦੇ ਰਹੇ।ਇਸ ਕਾਲ ਦੌਰਾਨ ਨਾਂ ਕੋਈ ਐਤਵਾਰ ਸੀ ਨਾਂ ਕੋਈ ਗਜ਼ਟਿਡ ਛੁੱਟੀ। ਨਾਂ ਸਵੇਰ ਵੇਖੀ ਨਾਂ ਸ਼ਾਮ ਵੇਖੀ ਅਤੇ ਨਾਂ ਹੀ ਰਾਤ। ਬਿਨਾਂ ਮੱਥੇ ਵੱਟ ਪਾਏ ਅਪਣੀਆ ਡਿਊਟੀਆਂ ਨਿਭਾਉਂਦੇ ਰਹੇ। ਬਹੁਤ ਥਾਵੀਂ ਲੋਕਾਂ ਦੇ ਰੋਹ ਦਾ ਸ਼ਿਕਾਰ ਵੀ ਹੋਏ। ਕੁਝ ਇਕ ਜਗ੍ਹਾ ਗਲਤ ਅਨਸਰਾਂ ਵੱਲੋਂ ਇਹਨਾਂ ਦੀ ਕੁੱਟ ਮਾਰ ਵੀ ਕੀਤੀ ਗਈ।ਇਹ ਵਰਕਰ ਡੇਂਗੂ ਮਲੇਰੀਆ,ਟੀਬੀ ਸਰਵੇ, ਟੀਕਾਕਰਨ,ਹਰ ਤਰਾਂ ਦੇ ਸਰਵੇ, ਕੈਂਸਰ ਮਰੀਜ਼ਾਂ ਦਾ ਸਰਵੇ,ਪਲਸ ਪੋਲੀਓ ਮੁਹਿੰਮ ,ਜਨਮ ਮੌਤ ਰਜਿਸਟਰੇਸ਼ਨ ਕਰਦੇ ਹਨ।  ਵੱਖ-ਵੱਖ ਬੀਮਾਰੀਆਂ ਤੋਂ ਜਾਗਰੂਕ ਕਰਨ ਲਈ ਘਰ ਘਰ ਜਾਂਦੇ ਹਨ। ਸਾਰੇ ਨੈਸ਼ਨਲ ਪ੍ਰੋਗਰਾਮ ਲਾਗੂ ਕਰਵਾਉਣ ਲਈ ਸਿਰਤੋੜ ਯਤਨ ਕਰਦੇ ਹਨ।ਸਿਹਤ ਵਿਭਾਗ ਦੀਆਂ ਸਾਰੀਆਂ ਸਕੀਮਾਂ ਇਹਨਾਂ ਵੱਲੋਂ ਦਿੱਤੇ ਅੰਕੜਿਆਂ ਦੇ ਅਨੁਸਾਰ ਹੀ ਬਣਦੀਆਂ ਹਨ। ਹੈਲਥ ਵਰਕਰਾਂ ਨੂੰ ਸਿਹਤ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ। ਲੇਕਿਨ ਰੀੜ ਦੀ ਹੱਡੀ ਉੱਤੇ ਬੋਝ ਦਿਨੋ-ਦਿਨ ਵਧ ਰਿਹਾ ਹੈ ਦਿੱਤਾ ਕੁਝ ਜਾ ਨਹੀਂ ਰਿਹਾ। ਸਿਹਤ ਵਿਭਾਗ ਵੱਲੋਂ ਅਪਣੀ ਹੀ ਰੀੜ ਦੀ ਹੱਡੀ ਨੂੰ ਲਗਾਤਾਰ ਅਣਗੋਲਿਆ ਕੀਤਾ ਜਾ ਰਿਹਾ ਹੈ।1263 ਹੈਲਥ ਵਰਕਰ ਮੇਲ ਸਿਰਫ 10000 ਰੁਪਏ ਤੇ ਹੀ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ।ਇਸ ਮਹਿੰਗਾਈ ਦੇ ਦੌਰ ਵਿੱਚ ਐਨੇ ਕੁ ਪੈਸੇ ਨਾਲ ਡਿਊਟੀ ਸਥਾਨ ਤੇ ਆਉਣ ਜਾਣ ਦਾ ਕਿਰਾਇਆ, ਪੈਟਰੋਲ, ਘਰੇਲੂ ਖਰਚੇ, ਬੱਚਿਆਂ ਦੀਆਂ ਫੀਸਾਂ ਕਿੱਥੋਂ ਪੂਰੀਆਂ ਆਉਣਗੀਆਂ।ਲੇਕਿਨ ਏ ਸੀ ਦਫ਼ਤਰਾਂ ਵਿੱਚ ਬੈਠ ਕੇ ਲੱਖਾਂ ਰੁਪਏ ਤਨਖਾਹਾਂ ਲੇ ਕੇ ਸਕੀਮਾਂ ਬਣਾਉਣ ਵਾਲੀ ਅਫ਼ਸਰਸ਼ਾਹੀ ਅਤੇ ਮੰਤਰੀਆਂ ਨੂੰ ਇਹਨਾਂ ਗੱਲਾਂ ਨਾਲ ਕੋਈ ਲਾਗਾ ਦੇਗਾ ਨਹੀਂ ਹੈ।ਇਸੇ ਤਰ੍ਹਾਂ ਹੀ ਹੈਲਥ ਵਰਕਰ ਫੀਮੇਲ ਦਸ ਦਸ ਪੰਦਰਾਂ ਪੰਦਰਾਂ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰ ਰਹੀਆਂ ਹਨ। ਪੱਕਿਆਂ ਹੋਣ ਲਈ ਸਰਕਾਰ ਦੇ ਮੂੰਹ ਵੱਲ ਵੇਖਦੀਆਂ ਵੇਖ ਰਹੀਆਂ ਹਨ। ਬਹੁਤ ਸਾਰੀਆਂ ਹੈਲਥ ਵਰਕਰ ਫੀਮੇਲ ਤਾਂ ਰਿਟਾਇਰ ਹੋਣ ਵਾਲੀਆਂ ਹਨ। ਪਹਿਲਾਂ ਨਿਗੂਣੀਆਂ ਤਨਖਾਹਾਂ ਬਾਅਦ ਵਿੱਚ ਬੁੱਢਾਪੇ ਦੀ ਲਾਠੀ ਪੈਨਸ਼ਨ ਵੀ ਨਹੀਂ ਹੈ।
ਇਹਨਾਂ ਹੈਲਥ ਵਰਕਰ ਮੇਲ ਅਤੇ ਫੀਮੇਲ ਨੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸਿਹਤ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ । ਇਹਨਾਂ ਦੀਆਂ ਮੰਗਾਂ ਜਿਵੇਂ1263 ਹੈਲਥ ਵਰਕਰ ਮੇਲ ਦਾ ਪਰੋਬੇਸ਼ਨ ਪੀਰੀਅਡ ਖਤਮ ਕਰਕੇ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ। ਕਿਉਕਿ ਜਦੋਂ ਇਹਨਾਂ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਤਾਂ ਪਰੋਬੇਸ਼ਨ ਪੀਰੀਅਡ ਦੋ ਸਾਲ ਦਾ ਸੀ। ਲੇਕਿਨ ਸਿਹਤ ਵਿਭਾਗ ਦੀ ਨਲਾਇਕੀ ਕਾਰਨ ਇਸ਼ਤਿਹਾਰ ਲੇਟ ਜਾਰੀ ਕੀਤਾ ਗਿਆ। ਉਦੋਂ ਪਰੋਬੇਸ਼ਨ ਪੀਰੀਅਡ ਤਿੰਨ ਸਾਲ ਦਾ ਕਰ ਦਿੱਤਾ ਸੀ। ਹੁਣ ਤੱਕ ਹੈਲਥ ਵਰਕਰ ਮੇਲ ਦਾ ਤਿੰਨ ਸਾਲ ਦਾ ਪਰੋਬੇਸ਼ਨ ਪੀਰੀਅਡ ਵੀ ਖਤਮ ਹੋ ਜਾਣਾ ਸੀ ਲੇਕਿਨ ਸਿਹਤ ਵਿਭਾਗ ਦੀ ਨਲਾਇਕੀ ਕਾਰਨ ਮਾਮਲਾ ਕੋਰਟ ਵਿੱਚ ਪੁਹੰਚਿਆ ਅਤੇ ਪੋਸਟਾਂ ਤੇ ਸਟੇ ਹੋ ਗਿਆ। ਡੇਢ ਸਾਲ ਕੋਰਟ ਦੇ ਧੱਕੇ ਖਾਣ ਮਗਰੋਂ ਜੁਆਇਨਿੰਗ ਹੋਈ। ਨੋਟੀਫਿਕੇਸ਼ਨ ਦੇ ਆਧਾਰ ਤੇ ਵੀ ਦੋ ਸਾਲ ਦਾ ਪਰੋਬੇਸ਼ਨ ਪੀਰੀਅਡ ਕੀਤਾ ਜਾ ਸਕਦਾ ਹੈ।ਇਸੇ ਤਰ੍ਹਾਂ ਹੀ ਹੈਲਥ ਵਰਕਰ ਫੀਮੇਲ ਨੂੰ ਪੱਕਿਆਂ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।ਸਿਹਤ ਮੰਤਰੀ ਨੂੰ ਵਾਰ ਵਾਰ ਮੰਗ ਪੱਤਰ ਸੌਂਪਿਆ ਗਿਆ। ਲੇਕਿਨ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ।ਮੋਹਾਲੀ ਵਿਖੇ ਹੈਲਥ ਵਰਕਰ ਮੇਲ ਵੱਲੋਂ ਮਰਨ ਵਰਤ ਰੱਖਿਆ ਗਿਆ ਤਾਂ ਡਾਇਰੈਕਟਰ ਸਿਹਤ ਵਿਭਾਗ ਵੱਲੋਂ ਲਿਖਤੀ ਤੌਰ ਤੇ ਮੰਗ ਲਾਗੂ ਕਰਨ ਲਈ ਮਰਨ ਵਰਤ ਤੁੜਵਾਇਆ। ਲੇਕਿਨ ਵਾਅਦਾ ਫਿਰ ਵੀ ਵਫ਼ਾ ਨਾਂ ਹੋਇਆ।ਮੁੱਖ ਮੰਤਰੀ ਦੇ ਸ਼ਹਿਰ ਵਿੱਚ ਧਰਨੇ ਪ੍ਰਦਰਸ਼ਨ ਤੋਂ ਬਾਅਦ ਮਿਲੀ ਪੈਨਲ ਮੀਟਿੰਗ ਵਿੱਚ ਸਿਹਤ ਮੰਤਰੀ ਨੇ ਮੰਨਿਆ ਕਿ ਤੁਹਾਡੀਆਂ ਮੰਗਾਂ ਪਰੋਬੇਸ਼ਨ ਪੀਰੀਅਡ ਖਤਮ ਕਰਨ, ਕੱਚੀਆਂ ਹੈਲਥ ਵਰਕਰਾਂ ਨੂੰ ਪੱਕਾ ਕਰਨਾ, ਸਮੁੱਚੇ ਹੈਲਥ ਇੰਪਲਾਈਜ ਵਰਗ ਨੂੰ ਕੋਵਿਡ ਭੱਤਾ ਦੇਣਾ ਮੰਨਣ ਯੋਗ ਹਨ।ਲੇਕਿਨ ਕੋਈ ਕਾਰਵਾਈ  ਨਹੀਂ ਹੋਈ।ਫਿਰ ਬਠਿੰਡੇ ਧਰਨੇ ਦੌਰਾਨ ਕੁਝ ਮਿਲਣਾ ਤਾਂ ਕੀ ਸੀ ਉਲਟਾ ਮੁਲਾਜ਼ਮਾਂ ਤੇ ਪਰਚੇ ਦਰਜ ਕੀਤੇ ਗਏ।ਮੁਲਾਜ਼ਮਾਂ ਲਈ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟਿਆ ਜਾਂਦਾ ਹੈ ਕਿ ਪਰਸੋਨਲ ਵਿਭਾਗ ਆਗਿਆ ਨਹੀਂ ਦੇ ਰਿਹਾ। ਪਤਾ ਨਹੀਂ ਵਿੱਤ ਮੰਤਰੀ ਕੋਲ ਅਜਿਹੀ ਕੇਹੜੀ ਗਿੱਦੜਸਿੰਗੀ ਹੈ ਜਿਸ ਨਾਲ ਮੰਤਰੀਆਂ ਅਤੇ ਅਫ਼ਸਰਸ਼ਾਹੀ ਲੲੀ ਖਾਲੀ ਖਜ਼ਾਨਾ ਤੁਰੰਤ ਭਰ ਜਾਂਦਾ ਹੈ। ਇਹਨਾਂ ਹੈਲਥ ਵਰਕਰਾਂ ਲਈ ਖਜ਼ਾਨਾ ਖਾਲੀ ਹੋ ਜਾਂਦਾ ਹੈ।ਲੰਬੇ ਸਮੇਂ ਤੋਂ ਸਰਕਾਰ ਦੇ ਮੂੰਹ ਵੱਲ ਤੱਕਣ ਮਗਰੋਂ ਹੁਣ ਫਿਰ ਸਿਹਤ ਸੰਘਰਸ਼ ਕਮੇਟੀ ਵੱਲੋਂ ਪਹਿਲਾਂ ਸਾਰੇ ਸਿਵਲ ਸਰਜਨਾਂ ਰਾਹੀ ਸਰਕਾਰ ਨੂੰ ਮੰਗ ਪੱਤਰ ਸੌਂਪੇ ਗੲੇ ਹਨ। ਜਲਦੀ ਹੀ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਜਿਸਨੂੰ ਬਾਅਦ ਵਿੱਚ ਮਰਨ ਵਰਤ ਵਿੱਚ ਤਬਦੀਲ ਕੀਤਾ ਜਾਵੇਗਾ1263 ਪਰੋਬੇਸ਼ਨਰੀ ਹੈਲਥ ਵਰਕਰਾਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਇੱਕ ਧਰਨੇ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਮੁਲਾਜ਼ਮਾਂ ਦੀਆਂ ਕੋਵਿਡ 19 ਦੌਰਾਨ ਕੀਤੀਆਂ ਸੇਵਾਵਾਂ ਵੇਖ ਕੇ ਹੈਲਥ ਵਰਕਰ ਦਾ ਪਰੋਬੇਸ਼ਨ ਪੀਰੀਅਡ ਖਤਮ ਕੀਤਾ ਜਾਵੇ।ਹੈਲਥ ਵਰਕਰ ਫੀਮੇਲ ਨੂੰ ਰੈਗੂਲਰ ਕੀਤਾ ਜਾਵੇ ਅਤੇ ਸਮੁੱਚੇ ਹੈਲਥ ਇੰਪਲਾਈਜ ਵਰਗ ਨੂੰ ਵਿਸ਼ੇਸ਼ ਭੱਤੇ ਅਤੇ ਤਰੱਕੀਆਂ ਦਿੱਤੀਆਂ ਜਾਣ।ਜੇਕਰ ਇਹ ਮੰਗਾਂ ਜਲਦੀ ਪੂਰੀਆਂ ਨਹੀਂ ਹੁੰਦੀਆਂ ਤਾਂ ਸਰਕਾਰ ਨੂੰ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ।
ਰਾਜਿੰਦਰ ਝੁਨੀਰ

LEAVE A REPLY

Please enter your comment!
Please enter your name here