ਮਾਨਸਾ, 14 ਮਾਰਚ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਓਰਲ ਹੈਲਥ ਸਪਤਾਹ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੋਲਦਿਆਂ ਦੰਦਾਂ ਦੇ ਮਾਹਿਰ ਡਾ. ਹੰਸਾ ਸਿੰਘ ਨੇ ਇਕੱਤਰ ਹੋਏ ਲੋਕਾਂ ਨੂੰ ਦੱਸਿਆ ਕਿ ਮਨੁੱਖ ਦਾ ਮੂੰਹ ਸਰੀਰ ਦਾ ਅਹਿਮ ਹਿੱਸਾ ਹੈ ਅਤੇ ਸਾਨੂੰ ਇਸ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨਾਂ ਦੱਸਿਆ ਕਿ ਸਾਨੂੰ ਹਰ ਤਰਾਂ ਦਾ ਖਾਣਾ ਖਾਣ ਤੋਂ ਬਾਅਦ ਬਰੱਸ਼ ਜਾਂ ਕੁਰਲਾ ਕਰਨਾ ਚਾਹੀਦਾ ਹੈ ਅਤੇ ਰਾਤ ਨੂੰ ਸੌਣ ਸਮੇਂ ਬੱਚੇ, ਬਜੁਰਗਾਂ ਅਤੇ ਹਰ ਵਿਅਕਤੀ ਨੂੰ ਬਰੱਸ਼ ਕਰਕੇ ਹੀ ਸੌਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹਰ ਵਿਅਕਤੀ ਨੂੰ ਜਰਦਾ, ਤੰਬਾਕੂ, ਪਾਨ, ਬੀੜੀ ਤੇ ਸਿਗਰਟ ਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਨਾਂ ਨਾਲ ਜਬਾੜੇ ਦਾ, ਜੀਭ ਦਾ, ਮੂੰਹ ਦਾ ਕੈਂਸਰ ਬਹੁਤ ਜ਼ਿਆਦਾ ਹੁੰਦਾ ਹੈ। ਸਿਹਤ ਵਿਭਾਗ ਦੀ ਤਰਫੋਂ ਇਸ ਹਫਤੇ ਦੌਰਾਨ ਸਕੂਲਾਂ ਵਿੱਚ, ਅਨਾਥ ਆਸ਼ਰਮਾਂ ਵਿਖੇ ਅਤੇ ਹੋਰ ਜਨਤਕ ਥਾਵਾਂ, ਥਾਈਂ, ਧਰਮਸ਼ਾਲਾਂ, ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਵਿਸ਼ਵ ਓਰਲ ਹੈਲਥ ਦਿਵਸ/ਸਪਤਾਹ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਜੇ ਸਾਡਾ ਮੂੰਹ ਬਿਲਕੁਲ ਸਾਫ ਹੈ ਤਾਂ ਅਸੀ ਦੰਦਾਂ ਅਤੇ ਪੇਟ ਦੀਆਂ ਬਿਮਾਰੀਆਂ ’ਤੇ ਕਾਬੂ ਪਾ ਸਕਦੇ ਹਾਂ। ਇਸ ਮੌਕੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।