ਬਰੇਟਾ/ਮਾਨਸਾ, 17 ਫਰਵਰੀ : (ਸਾਰਾ ਯਹਾਂ/ਮੁੱਖ ਸੰਪਾਦਕ)
ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਹਰਿਆਣਾ ਦੀ ਹੱਦ ਨਾਲ ਲੱਗਦੀਆਂ ਸਿਹਤ ਸੰਸਥਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਫਤ ਦਵਾਈਆਂ, ਐਕਸਰੇ, ਈ.ਸੀ.ਜੀ. ਅਤੇ ਅਲਟਰਾ ਸਾਊਂਡ ਤੋਂ ਇਲਾਵਾ ਹੋਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਖੋਲ੍ਹੇ ਪੀ.ਐਚ.ਸੀ. ਬਰੇਟਾ, ਆਮ ਆਦਮੀ ਕਲੀਨਿਕ ਰੰਘੜਿਆਲ, ਆਮ ਆਦਮੀ ਕਲੀਨਿਕ ਗੋਬਿੰਦਪੁਰਾ ਅਤੇ ਸਬ-ਸੈਂਟਰ ਦਾਤੇਵਾਸ ਦਾ ਅਚਨਚੇਤ ਦੌਰਾ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੰਨਾ ਸੰਸਥਾਵਾਂ ਵਿਖੇ ਜਾ ਕੇ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਗੱਲਬਾਤ ਕਰਕੇ ਸਿਹਤ ਸੰਸਥਾਵਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਸੰਸਥਾਵਾਂ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਤੇ ਟੈਸਟ ਹਸਪਤਾਲਾਂ ਦੇ ਅੰਦਰੋਂ ਅਤੇ ਮੁਫਤ ਮਿਲਣੇ ਚਾਹੀਦੇ ਹਨ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ, ਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰ ਨੂੰ ਕਿਹਾ ਕਿ ਮਰੀਜ਼ਾਂ ਨਾਲ ਵਿਹਾਰ ਤੇ ਇਲਾਜ ਤਸੱਲੀ ਬਖਸ਼ ਹੋਣਾ ਚਾਹੀਦਾ ਹੈ। ਮਰੀਜ਼ ਨੂੰ ਹਰ ਤਰ੍ਹਾਂ ਦੀਆਂ ਦਵਾਈਆਂ ਅਤੇ ਟੈਸਟ ਹਸਪਤਾਲਾਂ ਅੰਦਰੋਂ ਅਤੇ ਬਿਲਕੁਲ ਮੁਫ਼ਤ ਮਿਲਣੇ ਚਾਹੀਦੇ ਹਨ, ਤਾਂ ਜੋ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਬਰੇਟਾ ਹਸਪਤਾਲ ਵਿਖੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਸਦਾ ਜਲਦ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਸਿਹਤ ਸਹੂਲਤਾਂ, ਬਿਮਾਰੀਆਂ ਤੋਂ ਬਚਾਅ ਅਤੇ ਆਮ ਆਦਮੀ ਕਲੀਨਿਕ ਤੇ ਹਸਪਤਾਲਾਂ ਵਿੱਚ 40 ਕਿਸਮ ਦੇ ਟੈਸਟ ਅਤੇ 70 ਕਿਸਮ ਦੀ ਦਵਾਈਆਂ ਮੁਫਤ ਮਿਲ ਰਹੀਆਂ ਹਨ, ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਵਿਜੇ ਕੁਮਾਰ, ਜਗਦੀਸ਼ ਕੁਲਰੀਆਂ, ਡਾ. ਗੁਰਪਿਆਰ ਸਿੰਘ ਅਤੇ ਹਸਪਤਾਲ ਦੇ ਸਟਾਫ ਤੋਂ ਇਲਾਵਾ ਪੰਚ-ਸਰਪੰਚ ਮੌਜੂਦ ਸਨ।