ਮਾਨਸਾ, 06 ਮਈ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਜ਼ਿਲ੍ਹੇ ਦੇ ਸਮੂਹ ਫੀਲਡ ਮੈਡੀਕਲ ਅਫ਼ਸਰਾਂ ਅਤੇ ਪੈਰਾ ਮੈਡੀਕਲ ਸਟਾਫ ਨਾਲ ਮੀਟਿੰਗ ਕਰਦਿਆਂ ਸਮੁੱਚੇ ਸਿਹਤ ਪ੍ਰੋਗਰਾਮਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ।
ਉਨ੍ਹਾਂ ਜ਼ਿਲ੍ਹੇ ਅੰਦਰ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਮੁਲਾਂਕਣ ਕਰਦਿਆਂ ਸਮੂਹ ਮੈਡੀਕਲ ਅਫ਼ਸਰਾਂ ਨੂੰ ਆਪਣੀ ਅਤੇ ਆਪਣੇ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਦੇ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਿਹਾ ਤੇ ਨਾਲ ਹੀ ਜ਼ਿਲ੍ਹੇ ਵਿੱਚ ਪੀ.ਸੀ.ਪੀ.ਐਨ.ਡੀ.ਟੀ. ਐਕਟ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ।
ਉਨ੍ਹਾਂ ਵਿਸ਼ਵ ਟੀਕਾਕਰਨ ਦੀ 50ਵੀਂ ਵਰੇਗੰਢ ਮੌਕੇ ਮਨਾਏ ਗਏ ਸਪੈਸ਼ਲ ਹਫ਼ਤੇ ਦੌਰਾਨ ਸੌ ਫੀਸਦੀ ਟੀਕਾਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਸਭਨਾ ਦਾ ਧੰੰਨਵਾਦ ਕਰਦਿਆਂ ਕਿਹਾ ਕਿ ਕੋਈ ਵੀ ਗਰਭਵਤੀ ਮਾਂ ਤੇ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਸਿਹਤ ਪ੍ਰੋਗਰਾਮ ਲੋਕਾਂ ਤੱਕ ਪਹੁੰਚਾਏ ਜਾਣ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਦੀ ਸਫ਼ਾਈ ਵੱਲ ਖ਼ਾਸ ਧਿਆਨ ਦਿੱਤਾ ਜਾਵੇ, ਜੱਚਾ-ਬੱਚਾ ਦੀ ਸਿਹਤ ਸੰਭਾਲ ਲਈ ਸੰਸਥਾਗਤ ਜਣੇਪਿਆਂ ਵਿਚ ਵਾਧਾ ਕਰਨ, ਹਾਈ ਰਿਸਕ ਗਰਭਵਤੀ ਔਰਤਾਂ ਦੀ ਫੌਲੋਅੱਪ ਐਮ.ਡੀ. ਮੈਡੀਸਨ ਅਤੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਤੋਂ ਸਮੇਂ ਸਿਰ ਜਾਂਚ ਕਰਨਾ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਸੰਪੂਰਨ ਟੀਕਾਕਰਨ ਕਰਨਾ, ਬਾਇਓ ਮੈਡੀਕਲ ਵੇਸਟੇਜ ਦਾ ਸਹੀ ਪ੍ਰਬੰਧ ਕਰਨਾ, ਯੂ.ਡੀ.ਆਈ. ਕਾਰਡ ਬਣਾਏ ਜਾਣ ਅਤੇ ਕੋਟਪਾ ਐਕਟ ਦੀ ਉਲੰਘਣਾਂ ਕਰਨ ਵਾਲਿਆਂ ਦੇ ਚਲਾਣ ਕਰਨ ਉਪਰੰਤ ਨਿਮਨ ਹਸਤਾਖਰ ਨੂੰ ਜਾਣੂ ਕਰਵਾਇਆ ਜਾਵੇ ਤਾਂ ਕਿ ਹੋਰ ਤੇਜ਼ੀ ਲਿਆਉਣ ਦੇ ਯਤਨ ਕੀਤੇ ਜਾ ਸਕਣ।
ਇਸ ਮੌਕੇ ਜ਼ਿਲ੍ਹਾ ਕਮਿਊਨਿਟੀ ਮੋਬਲਾਈਜਰ, ਜਗਦੇਵ ਸਿੰਘ ਮਾਨ ਵੱਲੋਂ ਆਭਾ ਆਈ. ਡੀ. ਬਣਾਉਣ ਦੀ ਸਿਖਲਾਈ ਵੀ ਦਿੱਤੀ ਗਈ। ਉਨ੍ਹਾਂ ਹਦਾਇਤ ਕੀਤੀ ਕਿ ਫੀਲਡ ਮੈਡੀਕਲ ਅਫ਼ਸਰ ਆਪਣੇ ਅਧੀਨ ਆਉਂਦੇ ਪੈਰਾਮੈਡੀਕਲ ਸਟਾਫ ਦੀ ਸਿਹਤ ਕੇਂਦਰਾਂ ਵਿਚ ਹਾਜ਼ਰੀ ਯਕੀਨੀ ਬਣਾਉਣ ਅਤੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਸੰਸਥਾਵਾਂ ਦਾ ਸਮੇਂ ਸਮੇਂ ਨਿਰੀਖਣ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹੇ ਦੇ ਸਮੂਹ ਫੀਲਡ ਮੈਡੀਕਲ ਅਫ਼ਸਰ ਅਤੇ ਪੈਰਾਮੈਡੀਕਲ ਸਟਾਫ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਰਵਿੰਦਰ ਕੁਮਾਰ ਸਿੰਗਲਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੰਵਲਪ੍ਰੀਤ ਕੌਰ ਬਰਾੜ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ ਜੈਨ, ਜ਼ਿਲਾ ਪ੍ਰੋਗਰਾਮ ਮੈਨੇਜ਼ਰ ਅਵਤਾਰ ਸਿੰਘ, ਉਪ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਰਸ਼ਨ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।