
ਮਾਨਸਾ, 21 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬੀ ਮਾਂ ਬੋਲੀ ਦੇ ਮਾਣ ਸਤਿਕਾਰ ਨੂੰ ਕਾਇਮ ਰੱਖਣ ਅਤੇ ਇਸਦੇ ਪ੍ਰਚਾਰ ਪ੍ਰਸਾਰ ਨੂੰ ਮੁੱਖ ਰੱਖਦਿਆਂ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ।ਇਸ ਮੌਕੇ ਮਾਂ ਬੋਲੀ ਦੀ ਮਹੱਤਤਾ ਸਬੰਧੀ ਬੋਲਦਿਆਂ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਮਾਂ ਬੋਲੀ ਤੋਂ ਬੇਮੁੱਖ ਹੋਣਾ ਸਭ ਤੋਂ ਵੱਡੀ ਤ੍ਰਾਸਦੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਕੋਈ ਮਨੁੱਖ ਕਈ ਤਰ੍ਹਾਂ ਦੀਆਂ ਬੋਲੀਆਂ ਬੋਲ ਸਕਦਾ ਹੈ ਪਰੰਤੂ ਸਹੀ ਸਮਝ ਉਸੇ ਬੋਲੀ ਦੀ ਹੀ ਮੰਨੀ ਜਾਂਦੀ ਹੈ ਜਿਸ ਦੇ ਅਰਥਾਂ ਦੀ ਸਭਿਆਚਾਰਕ ਸਮਝ ਹੋਵੇ। ਉਨ੍ਹਾਂ ਕਿਹਾ ਕਿ ਆਮ ਤੌਰ `ਤੇ ਬੰਦੇ ਨੂੰ ਉਸੇ ਸਭਿਆਚਾਰ ਦੀ ਸਮਝ ਹੁੰਦੀ ਹੈ ਜਿਥੇ ਉਹ ਜਨਮ ਲੈਂਦਾ ਹੈ। ਬੋਲੀ ਸਿਰਫ ਆਪਣੇ ਮਨੋਭਾਵਾਂ ਨੂੰ ਪ੍ਰਗਟ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਇਸ ਨਾਲ ਕਿਸੇ ਖਿੱਤੇ ਦੇ ਲੋਕਾਂ ਦੀ ਪੂਰੀ ਜੀਵਨ ਜਾਂਚ ਹੁੰਦੀ ਹੈ ਅਤੇ ਮਾਂ ਬੋਲੀ ਕਰਕੇ ਹੀ ਸਭਿਆਚਾਰ ਦੀ ਹੋਂਦ ਹੁੰਦੀ ਹੈ। ਸਹਾਇਕ ਸਿਵਲ ਸਰਜਨ-ਕਮ-ਜਿ਼ਲ੍ਹਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਦੁਨੀਆਂ ਦੀਆਂ ਸਾਰੀਆਂ ਬੋਲੀਆਂ ਹੀ ਮਹੱਤਵਪੂਰਨ ਹਨ ਅਤੇ ਹਰੇਕ ਬੋਲੀ ਦਾ ਆਪਣਾ ਇਤਿਹਾਸ ਅਤੇ ਮਹੱਤਵ ਹੈ। ਪਰ ਕਿਸੇ ਖਿੱਤੇ ਦੇ ਲੋਕਾਂ ਦੀ ਮਾਂ ਬੋਲੀ ਹੀ ਉਹਨਾਂ ਲਈੇ ਸਭ ਤੋਂ ਉੱਪਰ ਹੁੰਦੀ ਹੈ ਕਿਉਂਕਿ ਮਨੁੱਖ ਆਪਣੇ ਮਨੋਭਾਵ ਆਪਣੀ ਮਾਂ ਬੋਲੀ ਰਾਂਹੀਂ ਹੀ ਠੀਕ ਢੰਗ ਨਾਲ ਪ੍ਰਗਟ ਕਰ ਸਕਦਾ ਹੈ।ਜਿ਼ਲ੍ਹਾ ਐਪੀਡੀਮਾਲੋਜਿਸਟ ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਕਿਸੇ ਵੀ ਬੋਲੀ ਵਿੱਚ ਦੂਜੀ ਭਾਸ਼ਾ ਦੇ ਸ਼ਬਦਾਂ ਦੀ ਆਮਦ ਆਮ ਜਿਹਾ ਵਰਤਾਰਾ ਹੈ।ਉਨ੍ਹਾਂ ਕਿਹਾ ਕਿ ਅਜੌਕੇ ਦੌਰ `ਚ ਪੰਜਾਬੀ ਬੋਲੀ ਵਿੱਚ ਵੀ ਕਈ ਖਤਰਨਾਕ ਰੁਝਾਨ ਪੈਦਾ ਹੋ ਰਹੇ ਹਨ ਅਤੇ ਜਿਸ ਤਰ੍ਹਾਂ ਅੰਗਰੇਜੀ, ਹਿੰਦੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਅੱਖਰਾਂ ਦੀ ਬੇਲੋੜੀ ਵਰਤੋਂ ਹੋ ਰਹੀ ਹੈ ਉਸਨੇ ਪੰਜਾਬੀ ਬੋਲੀ ਦਾ ਦਾਇਰਾ ਬਹੁਤ ਘਟਾ ਦਿੱਤਾ ਹੈ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਤਰਜ਼ੀਹ ਦਿੰਦੇ ਹੋਏ ਰੋਜ਼ਾਨਾ ਬੋਲਚਾਲ ਦੌਰਾਨ ਘਰੇਲੂ ਅਤੇ ਦਫਤਰੀ ਕੰਮ-ਕਾਜ ਪੰਜਾਬੀ ਵਿੱਚ ਹੀ ਕਰਨੇ ਚਾਹੀਦੇ ਹਨ।ਇਸ ਦੌਰਾਨ ਦਫਤਰ ਸਿਵਲ ਸਰਜਨ ਮਾਨਸਾ ਦੇ ਸਮੂਹ ਸਟਾਫ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਮੌਕੇ ਦਫਤਰ ਦੇ ਸਾਰੇ ਕੰਮ-ਕਾਜ਼ ਪੰਜਾਬੀ ਵਿੱਚ ਕਰਨ ਦੇ ਨਾਲ-ਨਾਲ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਮੇਸ਼ਾ ਸਮਰਪਿਤ ਰਹਿਣ ਲਈ ਸਹੂੰ ਵੀ ਚੁੱਕੀ ਗਈ। ਇਸ ਮੌਕੇ ਸੰਤੋਸ਼ ਭਾਰਤੀ, ਗੁਰਜੰਟ ਸਿੰਘ, ਸੰਦੀਪ ਸਿੰਘ, ਲਵਲੀ ਗੋਇਲ, ਡਾ. ਵਿਸ਼ਵਜੀਤ ਸਿੰਘ, ਜਗਦੇਵ ਸਿੰਘ, ਹਰਵਿੰਦਰ ਸਿੰਘ, ਰਾਮ ਕੁਮਾਰ, ਜਸਪ੍ਰੀਤ ਕੌਰ, ਨਿਸ਼ਾ ਰਾਣੀ, ਕਰਮਵੀਰ ਕੌਰ, ਗੁਰਜੀਤ ਕੌਰ, ਵਿਸ਼ਵ ਸਿੰਗਲਾ, ਨਵਦੀਪ ਸਿੰਘ, ਪਵਨ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਦਮਨਪ੍ਰੀਤ ਸਿੰਘ ਹਾਜ਼ਰ ਸਨ।
