*ਸਿਰਫ਼ ਹਿੰਦੂ ਹੋਣ ਕਾਰਨ ਕਾਂਗਰਸ ਨੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੀ ਰੇਸ ‘ਚੋਂ ਕੀਤਾ ਬਾਹਰ : ਰਾਘਵ ਚੱਢਾ *

0
17

ਚੰਡੀਗੜ੍ਹ 03 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਕਾਂਗਰਸ ਆਗੂ ਸੁਨੀਲ ਜਾਖੜ ਦੇ ਮੁੱਖ ਮੰਤਰੀ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਸਮਾਜ ਨੂੰ ਜਾਤ-ਪਾਤ ਦੇ ਆਧਾਰ ‘ਤੇ ਵੰਡਣ ਦੀ ਰਾਜਨੀਤੀ ਕਰਦੀ ਰਹੀ ਹੈ। ਪੰਜਾਬ ਦੀ ਰਾਜਨੀਤੀ ਨੂੰ ਵੀ ਕਾਂਗਰਸ ਧਾਰਮਿਕ ਰੰਗ ਦੇ ਕੇ ਲੋਕਾਂ ਨੂੰ ਜਾਤ-ਪਾਤ ਅਤੇ ਧਰਮ ਦੇ ਆਧਾਰ ‘ਤੇ ਵੰਡਣ ਦੀ ਵੀ ਸਾਜ਼ਿਸ਼ ਰਚ ਰਹੀ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਹਨ। ਸਿਰਫ਼ ਹਿੰਦੂ ਹੋਣ ਕਾਰਨ ਕਾਂਗਰਸ ਨੇ 42 ਵਿਧਾਇਕਾਂ ਦੇ ਸਮਰਥਨ ਵਾਲੇ ਜਾਖੜ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ।

ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਸੁਨੀਲ ਜਾਖੜ ਦੇ ਉਸ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੋਈ ਵਿਧਾਇਕ ਦਲ ਦੀ ਮੀਟਿੰਗ ‘ਚ ਜਾਖੜ ਦੇ ਨਾਂ ‘ਤੇ 42 ਵਿਧਾਇਕਾਂ ਨੇ ਸਹਿਮਤੀ ਜਤਾਈ, ਸੁਖਜਿੰਦਰ ਸਿੰਘ ਰੰਧਾਵਾ ਨੂੰ 16, ਪ੍ਰਨੀਤ ਕੌਰ ਨੂੰ 12, ਨਵਜੋਤ ਸਿੱਧੂ 6 ਅਤੇ ਮੁੱਖ ਮੰਤਰੀ ਚੰਨੀ ਨੂੰ ਸਿਰਫ਼ ਦੋ ਵਿਧਾਇਕਾਂ ਦਾ ਸਮਰਥਨ ਹਾਸਲ ਸੀ, ਪਰ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਕਾਂਗਰਸ ਨੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੀ ਦੌੜ ਵਿੱਚੋਂ ਇਹ ਕਹਿ ਕੇ ਕੱਢ ਦਿੱਤਾ ਕਿ ਉਹ ਹਿੰਦੂ ਹਨ। ਜਦੋਂ ਕਿ ਸਿਰਫ਼ ਦੋ ਵਿਧਾਇਕਾਂ ਦੇ ਸਮਰਥਨ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਲੀਡਰਸ਼ਿਪ ਵੱਲੋਂ ਜਾਤ-ਪਾਤ ਦੇ ਆਧਾਰ ‘ਤੇ ਪੰਜਾਬ ਨੂੰ ਵੰਡਣ ਲਈ ਮੁੱਖ ਮੰਤਰੀ ਬਣਾ ਦਿੱਤਾ ਗਿਆ।


ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਨਫਰਤ ਦੇ ਬੀਜ ਬੀਜ ਕੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।  ਪਰ ਪੰਜਾਬ ਗੁਰੂਆਂ ਦੀ ਧਰਤੀ ਹੈ। ਇਸ ਲਈ ਪੰਜਾਬ ਕਦੇ ਵੀ ਜਾਤ ਅਤੇ ਧਰਮ ਦੇ ਨਾਂ ‘ਤੇ ਵੰਡ ਹੋਣ ਵਾਲਾ ਨਹੀਂ।  ਆਪਸੀ ਭਾਈਚਾਰਾ ਅਤੇ ਪਿਆਰ ਪੰਜਾਬ ਦੇ ਲੋਕਾਂ ਦੀ ਖੂਬਸੂਰਤੀ ਹੈ। ਪੰਜਾਬ ਦੇ ਲੋਕ ਧਰਮ ਅਤੇ ਜਾਤ ਦੇਖ ਕੇ ਕਿਸੇ ਨੂੰ ਨਹੀਂ ਅਪਣਾਉਂਦੇ। ਇੱਥੋਂ ਦੇ ਲੋਕ ਅਮਨ-ਸ਼ਾਂਤੀ ਅਤੇ ਭਾਈਚਾਰਾ ਪਸੰਦ ਲੋਕ ਹਨ।

ਚੱਢਾ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਨੂੰ ਧਰਮ ਅਤੇ ਜਾਤ ਦੇ ਨਾਂ ‘ਤੇ ਵੰਡਣਾ ਬੰਦ ਕਰੇ ਕਿਉਂਕਿ ਉਹ ਇਨ੍ਹਾਂ ਨਾਪਾਕ ਕੋਸ਼ਿਸ਼ਾਂ ‘ਚ ਕਾਮਯਾਬ ਨਹੀਂ ਹੋਣ ਵਾਲੀ। ਪੰਜਾਬ ਦਾ ਅਮਨ, ਭਾਈਚਾਰਕ ਸਾਂਝ ਅਤੇ ਸ਼ਾਂਤੀ ਬਰਕਰਾਰ ਰਹੇ, ਇਸਦੇ ਲਈ ਆਮ ਆਦਮੀ ਪਾਰਟੀ ਅਰਦਾਸ ਕਰਦੀ ਹੈ ਅਤੇ ਕਾਂਗਰਸ ਪਾਰਟੀ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਉਹ ਜਾਤ-ਪਾਤ ਅਤੇ ਧਰਮ ਦੇ ਨਾਂ ‘ਤੇ ਲੋਕਾਂ ਨਾਲ ਵਿਤਕਰਾ ਨਾ ਕਰਨ। ਸੁਨੀਲ ਜਾਖੜ ਨਾਲ ਕਾਂਗਰਸ ਵਲੋਂ ਕੀਤੇ ਗਏ ਗਲਤ ਸਲੂਕ ‘ਤੇ ਆਮ ਆਦਮੀ ਪਾਰਟੀ ਅਫ਼ਸੋਸ ਕਰਦੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਕਾਂਗਰਸ ਇਹਨਾਂ ਚੋਣਾਂ ਵਿੱਚ ਇੱਕ ਜ਼ਿੰਮੇਵਾਰ ਸਿਆਸੀ ਪਾਰਟੀ ਦੀ ਤਰ੍ਹਾਂ ਪੇਸ਼ ਆਵੇਗੀ।

LEAVE A REPLY

Please enter your comment!
Please enter your name here