*ਸਿਰਫ ਬੱਚੀ ਦੀ ਗਵਾਹੀ ਵੀ ਬਲਾਤਕਾਰ ਦੇ ਆਰੋਪੀ ਨੂੰ ਦੋਸ਼ੀ ਸਾਬਤ ਕਰਨ ਲਈ ਕਾਫੀ: ਹਾਈ ਕੋਰਟ*

0
43

ਚੰਡੀਗੜ੍ਹ  10 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ-ਹਰਿਆਣਾ ਹਾਈਕੋਰਟ ਨੇ ਚਾਰ ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਦੀ ਉਮਰ ਕੈਦ ਦੀ ਸਜ਼ਾ ਵਿਰੁੱਧ ਅਪੀਲ ਖਾਰਜ ਕਰ ਦਿੱਤੀ ਹੈ ਅਤੇ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਹਾਈਕੋਰਟ ਨੇ ਹੁਕਮ ‘ਚ ਕਿਹਾ ਕਿ ਬੱਚੀ ਦੀ ਗਵਾਹੀ ਵੀ ਉਸ ਨੂੰ ਦੋਸ਼ੀ ਠਹਿਰਾਉਣ ਲਈ ਕਾਫੀ ਹੈ।

ਪਟੀਸ਼ਨ ਦਾਇਰ ਕਰਦਿਆਂ ਸੰਜੇ ਨੇ ਫਰੀਦਾਬਾਦ ਦੀ ਸੈਸ਼ਨ ਅਦਾਲਤ ਵੱਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਲਜ਼ਾਮ ਮੁਤਾਬਕ 4 ਸਾਲ ਦੀ ਬੱਚੀ ਸੰਜੇ ਦੀ ਦੁਕਾਨ ‘ਤੇ ਦਹੀ ਲੈਣ ਆਈ ਸੀ। ਇਸ ਤੋਂ ਬਾਅਦ ਪਟੀਸ਼ਨਰ ਨੇ ਉਸ ਨਾਲ ਬਲਾਤਕਾਰ ਕੀਤਾ, ਜਿਸ ਬਾਰੇ ਲੜਕੀ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ।

ਇਲਾਕੇ ਦੀ ਸ਼ਿਕਾਇਤ ‘ਤੇ ਪੁਲਿਸ ਨੇ ਐਫਆਈਆਰ ਦਰਜ ਕਰਕੇ ਸੰਜੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਦੋਂ ਮੁਕੱਦਮਾ ਚੱਲਿਆ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸੰਜੇ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਤੋਂ ਪੁੱਛਗਿੱਛ ਕੀਤੀ ਗਈ, ਜਿਸ ‘ਚ ਉਸ ਨੇ ਦੱਸਿਆ ਕਿ ਸੰਜੇ ਨੇ ਉਸ ਨਾਲ ਗਲਤ ਹਰਕਤਾਂ ਕੀਤੀਆਂ ਹਨ।

ਇਸ ਬਿਆਨ ਦੇ ਆਧਾਰ ‘ਤੇ ਹੇਠਲੀ ਅਦਾਲਤ ਨੇ ਸੰਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਸਜ਼ਾ ਦੇ ਖਿਲਾਫ ਸੰਜੇ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਬੱਚੀ ਦੀ ਗਵਾਹੀ ਤੋਂ ਇਲਾਵਾ ਉਸ ਦੇ ਖਿਲਾਫ ਕੋਈ ਸਬੂਤ ਜਾਂ ਗਵਾਹ ਨਹੀਂ ਹੈ।

ਹਰਿਆਣਾ ਸਰਕਾਰ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਮੈਡੀਕਲ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਚੀ ਨਾਲ ਬਲਾਤਕਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਪਟੀਸ਼ਨਰ ਨੂੰ ਕੋਈ ਰਾਹਤ ਨਾ ਦਿੱਤੀ ਜਾਵੇ।

ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਕਿਹਾ ਕਿ ਜੇਕਰ ਬੱਚੀ ਸਵਾਲਾਂ ਨੂੰ ਸਮਝ ਕੇ ਸਹੀ ਜਵਾਬ ਦੇ ਰਹੀ ਹੈ ਤਾਂ ਉਸ ਦਾ ਇਕੱਲਾ ਬਿਆਨ ਹੀ ਮੁਲਜ਼ਮ ਨੂੰ ਦੋਸ਼ੀ ਠਹਿਰਾਉਣ ਲਈ ਕਾਫੀ ਹੈ। ਇਸ ਨਿਰੀਖਣ ਨਾਲ ਹਾਈ ਕੋਰਟ ਨੇ ਅਪੀਲ ਨੂੰ ਖਾਰਜ ਕਰਦੇ ਹੋਏ ਦੋਸ਼ੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ।

LEAVE A REPLY

Please enter your comment!
Please enter your name here