
ਲੁਧਿਆਣਾ 22 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਖੇਤੀ ਬਿੱਲ ਖਿਲਾਫ 23 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਮੋਟਰਸਾਈਕਲ ਯਾਤਰਾ ਸ਼ੁਰੂ ਕਰਨ ਜਾ ਰਹੇ ਹਨ। ਇਹ ਯਾਤਰਾ ਉਹ ਦਿੱਲੀ ਪਾਰਲੀਮੈਂਟ ਤੱਕ ਕੱਢਣਗੇ ਤੇ ਖੇਤੀ ਸੁਧਾਰ ਬਿੱਲ ਦਾ ਵਿਰੋਧ ਕਰਨਗੇ। ਬੈਂਸ ਨੇ ਇਸ ਦੌਰਾਨ ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਡਰਾਮਾ ਕਰਾਰ ਦਿੱਤਾ ਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਾਰਿਆਂ ਦੀ ਅਗੁਵਾਈ ਕਰਨ ਤੇ ਕਿਸਾਨ ਜਥੇਬੰਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਬੈਨਰ ਹੇਠ ਇਕੱਠੇ ਹੋ ਕੇ ਦਿੱਲੀ ਵੱਲ ਕੂਚ ਕਰਨ।
ਉਨ੍ਹਾਂ ਕਿਹਾ ਵਿਧਾਨ ਸਭਾ ‘ਚ ਖੇਤੀ ਬਿਲ ਖਿਲਾਫ ਮਤਾ ਪਾਸ ਕੀਤਾ ਗਿਆ ਸੀ ਤੇ ਉਸ ਦਾ ਮੁੱਖ ਕਾਰਨ ਲੋਕ ਇਨਸਾਫ ਪਾਰਟੀ ਵੱਲੋਂ ਕੱਢੀ ਗਈ ਸਾਇਕਲ ਯਾਤਰਾ ਸੀ ਜਿਸ ਕਾਰਨ ਲੋਕ ਇਸ ਤੋਂ ਜਾਗਰੂਕ ਹੋਏ। ਉਨ੍ਹਾਂ ਕਿਹਾ ਕਿ ਕਿਸਾਨ ਹਿਤੈਸ਼ੀ ਪਾਰਟੀਆਂ ਪੰਜਾਬ ਦੀ ਸਰਕਾਰ ਇੱਕ ਬੈਨਰ ਹੇਠ ਇਕੱਠੇ ਹੋ ਕੇ ਕੇਂਦਰ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾਇਆ ਜਾਵੇ ਤੇ ਬਿੱਲ ਰੱਦ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 2014 ਸਵਾਮੀਨਾਥਨ ਰਿਪੋਰਟ ਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਦਾਅਵਾ ਕੀਤਾ ਸੀ ਪਰ ਹੁਣ ਕਿਸਾਨਾਂ ਨੂੰ ਹੀ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਰਹੀ ਹੈ। ਹਰਸਿਮਰਤ ਬਾਦਲ ਦੇ ਵੀ ਸ਼ਬਦੀ ਹਮਲੇ ਕਰਦਿਆਂ ਬੈਂਸ ਨੇ ਕਿਹਾ ਕਿ ਇਹ ਸਭ ਡਰਾਮਾ ਹੈ, ਇਨ੍ਹਾਂ ਦਾ ਗੱਠਜੋੜ ਪੰਜਾਬ ਦੇ ਵਿੱਚ ਕਦੇ ਨਹੀਂ ਟੁੱਟ ਸਕਦਾ। ਇਸ ਦੌਰਾਨ ਉਨ੍ਹਾਂ ਮੋਦੀ ਸਰਕਾਰ ਦੀਆਂ ਨਕਾਮੀਆਂ ਗਿਣਾਉਂਦਿਆਂ ਕਿਹਾ ਕਿ ਜੀਐਸਟੀ ਨੋਟਬੰਦੀ ਕਰਕੇ ਵੀ ਲੋਕਾਂ ਦਾ ਖ਼ਾਸਾ ਨੁਕਸਾਨ ਹੋਇਆ ਪਰ ਹੁਣ ਖੇਤੀ ਬਿਲ ਨੂੰ ਕਾਨੂੰਨ ਨਹੀਂ ਬਣਨ ਦੇਣਗੇ।
