22ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਮੌਸਮ ਇੱਕਦਮ ਕਰਵਟ ਲੈਣ ਲੱਗਾ ਹੈ। ਉੱਤਰੀ ਭਾਰਤ ਵਿੱਚ ਅਚਾਨਕ ਗਰਮੀ ਵਧਣ ਲੱਗੀ ਹੈ। ਖਾਸਕਰ ਰਾਜਸਥਾਨ ਵਿੱਚ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਜਿਥੇ ਬਾੜਮੇਰ ਜ਼ਿਲ੍ਹੇ ਵਿੱਚ ਦਿਨ ਦਾ ਤਾਪਮਾਨ 36 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਉਂਝ, ਮੌਸਮ ਵਿਭਾਗ ਨੇ ਅਗਲੇ ਦਿਨਾਂ ਅੰਦਰ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਮੁਤਾਬਕ ਜੈਪੁਰ ਸਥਿਤ ਮੌਸਮ ਵਿਗਿਆਨ ਕੇਂਦਰ ਅਨੁਸਾਰ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਬਾੜਮੇਰ ਵਿੱਚ 36.9, ਜੈਸਲਮੇਰ ਵਿੱਚ 35.8, ਜਾਲੌਰ ਵਿੱਚ 35.1, ਡੂੰਗਰਪੁਰ 34.6, ਸਿਰੋਹੀ ਵਿੱਚ 34.2 ਤੇ ਜੋਧਪੁਰ ਵਿੱਚ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਬੂੰਦੀ, ਚਿਤੌੜਗੜ੍ਹ, ਫਲੋਦੀ, ਬੀਕਾਨੇਰ, ਚੁਰੂ ਤੇ ਗੰਗਾਨਗਰ ਵਿੱਚ ਵੀ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉਪਰ ਰਿਹਾ।
ਪੰਜਾਬ ਦਾ ਮੌਸਮ
ਭਾਰਤੀ ਮੌਸਮ ਵਿਭਾਗ (IMD) ਮੁਤਾਬਕ, ਸਰਗਰਮ ਪੱਛਮੀ ਗੜਬੜ ਦੇ ਕਾਰਨ ਪੰਜਾਬ ਵਿੱਚ ਅੱਜ ਬੱਦਲ ਛਾਏ ਰਹਿਣਗੇ। ਅੱਜ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਰਹਿਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ 26 ਫਰਵਰੀ ਨੂੰ ਸੂਬੇ ਦੇ ਕਈ ਹਿੱਸਿਆਂ ‘ਚ ਬਾਰਸ਼ ਦੀ ਸੰਭਾਵਨਾ ਬਣ ਸਕਦੀ ਹੈ। ਮੌਸਮ ਵਿਭਾਗ ਨੇ ਕਈ ਥਾਵਾਂ ਉੱਪਰ ਅਲਰਟ ਵੀ ਜਾਰੀ ਕੀਤਾ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ 22 ਤੇ 23 ਫਰਵਰੀ ਨੂੰ ਹਿਮਾਚਲ ਰਾਜ ਦੇ ਕਈ ਇਲਾਕਿਆਂ ‘ਚ ਬਰਫਬਾਰੀ ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਕੇਂਦਰੀ ਪਹਾੜੀ ਜ਼ਿਲ੍ਹਿਆਂ ਤੇ ਮੈਦਾਨੀ ਇਲਾਕਿਆਂ ਲਈ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।