
ਮਾਨਸਾ, 17 ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ):
ਪੰਜਾਬੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਤ ਸਿਰਜਣਾ ਤੇ ਕਵਿਤਾ ਗਾਇਨ ਦੇ ਰਾਜ ਪੱਧਰੀ ਮੁਕਾਬਲੇ ਲਾਇਲਪੁਰ ਖਾਲਸਾ ਕਾਲਜ(ਲੜਕੀਆਂ)ਜਲੰਧਰ ਵਿਖੇ ਕਰਵਾਏ ਗਏ। ਜਿਸ ਵਿੱਚ ਸਾਹਿਤ ਸਿਰਜਣ ਦੀ ਵਿਧਾ ਕਹਾਣੀ ਰਚਨਾ ਵਿੱਚ ਮਾਨਸਾ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਦਿਆਂ ਦਾ ਰੈਨੇਸਾਂ ਸਕੂਲ ਮਾਨਸਾ ਦੀ ਨੌਵੀਂ ਕਲਾਸ ਦੀ ਵਿਦਿਆਰਥਣ ਏਕਮਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਵਧੀਆ ਕਾਰਗੁਜ਼ਾਰੀ ਨਾਲ ਏਕਮਜੀਤ ਕੌਰ ਨੇ ਮਾਪਿਆਂ,ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਨੇ ਇਸ ਵਿਦਿਆਰਥਣ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਸਾਨੂੰ ਸਾਡੇ ਬੱਚਿਆਂ ‘ਤੇ ਮਾਣ ਹੈ ਜੋ ਹਰ ਖੇਤਰ ਵਿੱਚ ਸਾਡੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਆਪਣੀ ਜ਼ਿੰਦਗੀ ਦੀਆਂ ਪੁਲਾਂਘਾਂ ਨੂੰ ਲਮੇਰੀਆਂ ਕਰਕੇ ਅੱਗੇ ਵਧ ਰਹੇ ਹਨ। ਉਹਨਾਂ ਇਹ ਵੀ ਆਖਿਆ ਕਿ ਬੱਚੇ ਸਾਡੇ ਸਮਾਜ ਦੇ ਸਿਰਜਕ ਹਨ ਜੋ ਕਿ ਅਧਿਆਪਕਾਂ ਦੇ ਸਿਖਾਏ ਹੋਏ ਮਾਰਗ ‘ਤੇ ਚਲਦੇ ਹੋਏ ਸਮਾਜ ਵਿੱਚ ਸਾਹਿਤਕ ਵਿਚਾਰਧਾਰਾ ਨੂੰ ਮਜਬੂਤ ਕਰਦੇ ਹਨ। ਕਿਉਂਕਿ ਸਾਹਿਤ ਸਿਰਜਣਾ ਮਨੁੱਖੀ ਜੀਵਨ ਨਾਲ ਇੰਨੀ ਡੂੰਘੀ ਜੁੜੀ ਹੋਈ ਹੈ ਕਿ ਇਸ ਨੂੰ ਅਲੱਗ ਕਰਕੇ ਵੇਖਣਾ ਹੀ ਮੁਸ਼ਕਿਲ ਹੈ।ਅੱਜ ਕੱਲ ਦੇ ਪਦਾਰਥਵਾਦੀ ਯੁੱਗ ਵਿੱਚ ਸਿਰਜਣ ਮੁਕਾਬਲੇ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ। ਮਨ ਦੇ ਵਲਵਲਿਆਂ ਨੂੰ ਜਿੰਦਾ ਰੱਖਣ ਅਤੇ ਪ੍ਰਤਿਭਾ ਨੂੰ ਨਿਖਾਰਣ ਲਈ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ।
