ਮਾਨਸਾ, 31 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) : ਸੜਕ ਸੁਰੱਖਿਆ ਬਾਰੇ ਹਰੇਕ ਨਾਗਰਿਕ ਨੂੰ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ। ਅੱਜ ਮਾਨਸਾ ਵਿਖੇ ਏ.ਐਸ.ਆਈ ਸੁਰੇਸ਼ ਕੁਮਾਰ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਦੀ ਅਗਵਾਈ ਹੇਠ ਸੇਂਟ ਜੇਵੀਅਰ ਸਕੂਲ ਮਾਨਸਾ ਦੇ ਵਿਦਿਆਰਥੀਆਂ ਵੱਲੋਂ ਸੜਕ ਸੁਰੱਖਿਆ ਨੂੰ ਲੈ ਕੇ ਕੱਢੀ ਗਈ ਰੈਲੀ । ਜਾਗਰੂਕਤਾ ਦੀ ਕਮੀ ਵੱਡੇ ਜਾਨੀ ਤੇ ਮਾਲੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸੇਂਟ ਜੇਵੀਅਰ ਸਕੂਲ ਮਾਨਸਾ ਦੇ ਵਿਦਿਆਰਥੀਆਂ ਵੱਲੋਂ ਸੜਕ ਸੁਰੱਖਿਆ ਨੂੰ ਲੈ ਕੇ ਕੱਢੀ ਰੈਲੀ ਮੌਕੇ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਇੱਕ ਬੇਹੱਦ ਜ਼ਰੂਰੀ ਵਿਸ਼ਾ ਹੈ ਜਿਸ ਬਾਰੇ ਨਿਯਮਤ ਤੌਰ ’ਤੇ ਵਿਭਾਗੀ ਟੀਮਾਂ ਤੇ ਟਰੈਫਿਕ ਵਿਭਾਗ ਕਾਰਜਸ਼ੀਲ ਰਹਿੰਦਾ ਹੈ। ਉਨ੍ਹਾਂ ਸਕੂਲੀ ਵਿਦਿਆਰਥੀਆਂ ਅਤੇ ਟੈ੍ਰਫਿਕ ਪੁਲਿਸ ਦੇ ਲੋਕ ਜਾਗਰੂਕਤਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਵਧਾਨੀ ਵਰਤ ਕੇ ਹੀ ਸੜਕ ਦੁਰਘਟਨਾਵਾਂ ਤੋਂ ਬਚਾਅ ਹੋ ਸਕਦਾ ਹੈ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਹੌਲੀ ਵਾਹਨ ਚਲਾਉਣ ਅਤੇ ਸੰਕੇਤ ਚਿੰਨ੍ਹਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਵਿਦਿਆਰਥੀਆਂ ਨੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਜਿੱਥੇ ਆਵਾਜਾਈ ਨਿਯਮਾਂ ਦੀ ਪਾਲਣਾ ਲਈ ਸੁਚੇਤ ਕੀਤਾ, ਉਥੇ ਟੈ੍ਰਫਿਕ ਨਿਯਮਾਂ ਦੀ ਪਾਲਣਾ ਸਬੰਧੀ ਨਾਟਕ ਰਾਹੀਂ ਜਾਗਰੂਕ ਕੀਤਾ ਗਿਆ।