
ਚੰਡੀਗੜ੍ਹ, 16 ਫਰਵਰੀ: (ਸਾਰਾ ਯਹਾਂ/ਬਿਊਰੋ ਨਿਊਜ਼)
ਸੂਬੇ ਦੇ ਵਿਦਿਆਰਥੀਆਂ ਨੂੰ ਵਿਧਾਨ ਸਭਾ ਦੇ ਕੰਮਕਾਜ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸੈਸ਼ਨ ਅਤੇ ਗੈਰ-ਸੈਸ਼ਨ ਦਿਨਾਂ ਦੌਰਾਨ ਵਿਦਿਆਰਥੀਆਂ ਲਈ ਪੰਜਾਬ ਵਿਧਾਨ ਸਭਾ ਦਾ ਦੌਰਾ ਕਰਨ ਲਈ ਉਚਿਤ ਪ੍ਰਬੰਧ ਕਰਨ।
ਸ. ਸੰਧਵਾਂ ਨੇ ਕਿਹਾ ਕਿ ਸਾਡੀਆਂ ਕੋਸ਼ਿਸ਼ਾਂ ਨੂੰ ਉਦੋਂ ਬੂਰ ਪਿਆ, ਜਦੋਂ ਸਾਲ 2022 ਸੈਸ਼ਨ ਦੌਰਾਨ 155 ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦੀ ਅਸਲ ਕਾਰਵਾਈ ਸਮੇਂ ਦੌਰਾ ਕੀਤਾ ਅਤੇ 900 ਵਿਦਿਆਰਥੀਆਂ ਨੇ ਗੈਰ-ਸੈਸ਼ਨ ਦਿਨਾਂ ਦੌਰਾਨ ਦੌਰਾ ਕੀਤਾ। ਇਸ ਉਪਰੰਤ ਸਾਲ 2023 ਦੇ ਸੈਸ਼ਨ ਦੇ ਦਿਨਾਂ ਦੌਰਾਨ 990 ਵਿਦਿਆਰਥੀਆਂ ਅਤੇ ਗੈਰ-ਸੈਸ਼ਨ ਦਿਨਾਂ ਦੌਰਾਨ 1157 ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ।
ਸ. ਸੰਧਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਲ 2024 ਦੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਕੰਮਕਾਜ ਦੌਰਾਨ 998 ਵਿਦਿਆਰਥੀਆਂ ਨੇ ਦੌਰਾ ਕੀਤਾ। ਇਸੇ ਤਰ੍ਹਾਂ ਸਾਲ 2024 ਦੇ ਗੈਰ-ਸੈਸ਼ਨ ਦਿਨਾਂ ਦੌਰਾਨ 2320 ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ। ਸਪੀਕਰ ਸੰਧਵਾਂ ਨੇ ਵਿਦਿਆਰਥੀਆਂ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ।
ਸ. ਸੰਧਵਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਵਿਧਾਨ ਸਭਾ ਦੀ ਸੰਵਿਧਾਨਕ ਕਾਰਵਾਈ ਨੂੰ ਦੇਖ ਕੇ ਵਿਦਿਆਰਥੀਆਂ ਦਰਮਿਆਨ ਰਾਜਨੀਤੀ ਦੇ ਖੇਤਰ ਵਿੱਚ ਵੀ ਦਿਲਚਸਪੀ ਪੈਦਾ ਹੋਈ, ਜੋ ਕਿ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਬਹੁਤ ਲਾਹੇਵੰਦ ਹੈ। ਸਪੀਕਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਦਾ ਦੌਰਾ ਉਨ੍ਹਾਂ ਦੇ ਭਵਿੱਖੀ ਜੀਵਨ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ। ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦੀ ਇਮਾਰਤ ਦੇ ਅਦਭੁੱਤ ਡਿਜ਼ਾਈਨ ਅਤੇ ਆਰਕੀਟੈਕਚਰ ਨੂੰ ਦੇਖ ਕੇ ਬਹੁਤ ਹੈਰਾਨੀ ਪ੍ਰਗਟਾਈ।
