(ਸਾਰਾ ਯਹਾਂ/ਬਿਊਰੋ ਨਿਊਜ਼ ) : ਸਾਲ 2016 ਵਿੱਚ ਵਾਪਰੇ ਨਾਭਾ ਜੇਲ੍ਹ ਬ੍ਰੇਕ ਮਾਮਲੇ ‘ਚ ਸਾਢੇ 7 ਸਾਲ ਬਾਅਦ ਅਦਾਲਤ ਨੇ 22 ਦੋਸ਼ੀਆਂ ਨੂੰ 10-10 ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਐੱਚ. ਐੱਸ. ਗਰੇਵਾਲ ਵੱਲੋਂ ਸੁਣਾਇਆ ਗਿਆ ਹੈ। 22 ਦੋਸ਼ੀਆਂ ਵਿਚ ਦਰਜਨ ਤੋਂ ਵੱਧ ਗੈਂਗਸਟਰ ਹਨ। ਪੁਲੀਸ ਦੀ ਵਰਦੀ ‘ਚ ਆਏ ਗੈਂਗਸਟਰਾਂ ਵੱਲੋਂ ਜੇਲ੍ਹ ਗਾਰਡਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਤੋਂ ਬਾਅਦ ਚਾਰ ਕਥਿਤ ਗੈਂਗਸਟਰ ਅਤੇ ਦੋ ਅੱਤਵਾਦੀ ਫ਼ਰਾਰ ਹੋ ਗਏ ਸਨ। ]
ਇਸ ਤੋਂ ਪਹਿਲਾਂ ਬੀਤੇ ਦਿਨੀਂ ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿੱਚ ਵਧੀਕ ਸੈਸ਼ਨ ਜੱਜ ਐਚਐਸ ਗਰੇਵਾਲ ਦੀ ਅਦਾਲਤ ਨੇ 22 ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ 6 ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਦੋਸ਼ੀ ਠਹਿਰਾਏ ਗਏ ਲੋਕਾਂ ਦੀ ਸਜ਼ਾ ਬਾਰੇ ਫੈਸਲਾ 23 ਮਾਰਚ ਤੱਕ ਸੁਰੱਖਿਅਤ ਰੱਖ ਲਿਆ ਸੀ।ਜਿਸ ਤੋਂ ਬਾਅਦ ਵਧੀਕ ਸੈਸ਼ਨ ਜੱਜ ਐੱਚਐੱਸ ਗਰੇਵਾਲ ਨੇ 22 ਦੋਸ਼ੀਆਂ ਨੂੰ ਦੋਸ਼ੀ ਠਹਿਰਾਏ ਜਾਣ ਤੋਂ 2 ਦਿਨ ਬਾਅਦ ਅੱਜ ਸਜ਼ਾ ਦਾ ਐਲਾਨ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ 34 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਦੱਸਣਯੋਗ ਹੈ ਕਿ 2016 ‘ਚ ਆਰੋਪੀ ਨਾਭਾ ਜੇਲ੍ਹ ਦੇ ਗੇਟਾਂ ‘ਤੇ ਲਗਜ਼ਰੀ ਗੱਡੀਆਂ ‘ਚ ਆਏ ਸਨ ਅਤੇ ਉਨ੍ਹਾਂ ਨੇ ਆਉਂਦਿਆਂ ਸਾਰ ਹੀ ਅੰਨ੍ਹੇਵਾਹ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਿਸ ਮਗਰੋਂ ਉਹ ਜੇਲ੍ਹ ‘ਚ ਬੰਦ ਕੈਦੀਆਂ ਨੂੰ ਛੁਡਵਾ ਕੇ ਗੱਡੀਆਂ ‘ਚ ਲੈ ਕੇ ਫ਼ਰਾਰ ਹੋ ਗਏ ਸਨ। ਇਸ ਮਾਮਲੇ ‘ਚ ਨਾਭਾ ਪੁਲਸ ਨੇ ਕੁੱਲ 30 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਦੀ ਪਛਾਣ ਕੁਲਦੀਪ ਸਿੰਘ ਵਾਸੀ ਭਵਾਨੀਗੜ੍ਹ ਅਤੇ ਨਿਰਮਲ ਖਾਂ ਵਾਸੀ ਅਸ਼ੋਕ ਵਿਹਾਰ ਵਜੋਂ ਹੋਈ। ਦੱਸ ਦੇਈਏ ਕਿ ਪਲਵਿੰਦਰ ਪਿੰਦਾ ਨੇ ਇਸ ਦਾ ਮੈਪ ਤਿਆਰ ਕੀਤਾ ਸੀ ਜਦਕਿ ਪ੍ਰੇਮਾ ਨੇ ਲੌਜਿਸਟੀਕ ਮਦਦ ਤੇ ਮਨੀ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ। ਇਸ ਜੇਲ੍ਹ ਬ੍ਰੇਕ ਨੂੰ ਕੁੱਲ 12 ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ ਸੀ। ਵਾਰਦਾਤ ਤੋਂ ਬਾਅਦ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆਂ ਦੋਹੇਂ ਗੰਗਾਨਗਰ ਦੇ ਇਕ ਘਰ ‘ਚ ਲੁਕੇ ਹੋਏ ਸਨ, ਜਿਨ੍ਹਾਂ ਦਾ ਸਾਲ 2018 ‘ਚ ਐਂਕਾਊਂਟਰ ਕੀਤਾ ਗਿਆ ਸੀ। ਹਾਲਾਂਕਿ ਉਸੇ ਸਾਲ ਕੇ. ਐਸ. ਐੱਫ. ਦੇ ਮੁੱਖ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਦੀ ਜੇਲ੍ਹ ‘ਚ ਮੌਤ ਹੋ ਗਈ ਸੀ।