ਮਾਨਸਾ, 27 ਫਰਵਰੀ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਸਾਬਕਾ ਸੈਨਿਕਾਂ ਜੀਓਜੀ ਜ਼ਿਲ੍ਹਾ ਮਾਨਸਾ ਵੱਲੋਂ ਰੋਸ ਰੈਲੀ ਮਾਨਸਾ ਕੈਂਚੀਆਂ ਤੋਂ ਲੈਕੇ ਡੀਸੀ ਕੰਪਲੈਕਸ ਤੱਕ ਕੱਢੀ ਗਈ। ਬੁਢਲਾਡਾ ਸਰਦੂਲਗੜ੍ਹ ਅਤੇ ਮਾਨਸਾ ਤਿੰਨਾਂ ਤਹਿਸੀਲਾਂ ਦੇ ਸਾਬਕਾ ਸੈਨਿਕਾਂ ਨੇ ਮੋਟਰਸਾਈਕਲਾਂ ਉਪਰ ਕਾਲੇ ਝੰਡੇ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਡੀਸੀ ਸਾਬ ਨੂੰ ਲਿਖਤੀ ਮੈਮੋਰੰਡਮ ਵੀ ਦਿੱਤਾ। ਬੁਢਲਾਡਾ ਤੋਂ ਸੁਪਰਵਾਈਜ਼ਰ ਕੇਵਲ ਸਿੰਘ ਸਮੇਤ ਪੂਰੀ ਟੀਮ, ਸਰਦੂਲਗੜ੍ਹ ਤੋਂ ਕੈਪਟਨ ਗੁਰਚਰਨ ਸਿੰਘ ਸਮੇਤ ਟੀਮ ਅਤੇ ਮਾਨਸਾ ਤੋਂ ਸੁਪਰਵਾਈਜ਼ਰ ਆਤਮਾ ਸਿੰਘ ਸਮੇਤ ਟੀਮ ਸ਼ਾਮਲ ਹੋਏ। ਬਾਲ ਭਵਨ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸੂਬੇਦਾਰ ਮੇਜਰ ਯਾਦਵਿੰਦਰ ਸਿੰਘ, ਸੂਬੇਦਾਰ ਮੇਜਰ ਦਰਸ਼ਨ ਸਿੰਘ ਅਤੇ ਸੂਬੇਦਾਰ ਮੇਜਰ ਜਗਦੇਵ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇੱਕ ਮਾਰਚ ਤੋਂ ਸੰਗਰੂਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਅੱਗੇ ਪੱਕਾ ਧਰਨਾ ਲਗਾਇਆ ਜਾ ਰਿਹਾ ਹੈ। ਇਸ ਦੀ ਜ਼ਿੰਮੇਵਾਰੀ ਨਿਰੋਲ ਸਰਕਾਰ ਦੀ ਹੋਵੇਗੀ ਕਿਉਂਕਿ ਅਸੀਂ ਪਿਛਲੇ ਪੰਜ ਛੇ ਮਹੀਨਿਆਂ ਤੋਂ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਮੰਗ ਰਹੇ ਹਾਂ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਆਮ ਮੁੱਖ ਮੰਤਰੀ ਕੋਲ ਕੋਈ ਘੰਟੇ ਅੱਧੇ ਘੰਟੇ ਦਾ ਸਮਾਂ ਵੀ ਸਾਬਕਾ ਸੈਨਿਕਾਂ ਲਈ ਨਹੀਂ ਹੈ। ਅਸੀਂ ਆਪਣੇ ਮਾਣ ਸਨਮਾਨ ਲਈ ਬਹਾਲੀ ਦੀ ਮੰਗ ਕੀਤੀ ਹੈ। ਇਸ ਮੌਕੇ ਸੂਬੇਦਾਰ ਮੇਜਰ ਗੁਰਜੀਤ ਸਿੰਘ ਸਾਬ ਨੂੰ ਪ੍ਰੈਸ ਮੀਡੀਆ ਸਕੱਤਰ ਬਣਾਇਆ ਗਿਆ। ਸੁਪਰਵਾਈਜ਼ਰ ਮਲਕੀਤ ਸਿੰਘ ਪੰਜਾਬ ਕੋਰ ਕਮੇਟੀ ਮੈਂਬਰ ਨੇ ਅੱਗੇ ਦੀ ਰਣਨੀਤੀ ਤਿਆਰ ਕਰਨ ਲਈ ਸੁਝਾਅ ਦੇਣ ਲਈ ਕਿਹਾ। ਅੰਤ ਵਿੱਚ ਸੁਪਰਵਾਈਜ਼ਰ ਮੱਖਣ ਸਿੰਘ ਅਤੇ ਨਾਇਬ ਸਿੰਘ ਦਲੇਲ ਵਾਲਾ ਨੇ ਸਾਰਿਆਂ ਨੂੰ ਪੁਰਣ ਸਹਿਯੋਗ ਕਰਨ ਲਈ ਬੇਨਤੀ ਕੀਤੀ ਅਤੇ ਸਾਰੇ ਸਾਥੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ।