
ਮਾਨਸਾ 5 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਸਾਬਕਾ ਜਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਪਤਨੀ ਪਰਮਪਾਲ ਕੌਰ ਆਈ.ਏ.ਐੱਸ ਨੇ ਆਪਣੇ ਸਰਕਾਰ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਰਨ ਤੋਂ ਬਾਅਦ ਬਠਿੰਡਾ ਹਲਕੇ ਵਿੱਚ ਸਿਆਸੀ ਭੂਚਾਲ ਆਉਣ ਦੀ ਚਰਚਾ ਚੱਲ ਪਈ ਹੈ। ਜਿਕਰਯੋਗ ਇਹ ਹੈ ਕਿ ਪਰਮਪਾਲ ਕੌਰ ਦਾ ਬਠਿੰਡਾ ਅਤੇ ਮਾਨਸਾ ਹਲਕੇ ਨਾਲ ਗਹਿਰਾ ਲਗਾਅ ਹੈ। ਉਹ ਬੁਢਲਾਡਾ ਵਿਖੇ ਬੀ.ਡੀ.ਪੀ.ਓ, ਮਾਨਸਾ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਅਫਸਰ, ਬਠਿੰਡਾ ਵਿਖੇ ਏ.ਡੀ.ਸੀ ਜਰਨਲ, ਸਿੱਖਿਆ ਵਿਭਾਗ ਪੰਜਾਬ ਵਿੱਚ ਡੀ.ਜੀ.ਐੱਸ.ਸੀ ਅਤੇ ਫੂਡ ਸਪਲਾਈ ਵਿਭਾਗ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦਾ ਪੰਚਾਇਤਾਂ, ਵਪਾਰੀਆਂ, ਮਜਦੂਰਾਂ, ਦੁਕਾਨਦਾਰਾਂ, ਮੁਲਾਜਮ ਅਤੇ ਹਰ ਵਰਗ ਨਾਲ ਪਿਆਰ ਸਤਿਕਾਰ ਗਹਿਰਾ ਰਿਹਾ ਹੈ ਅਤੇ ਉਨ੍ਹਾਂ ਨੇ ਇਮਾਨਦਾਰੀ ਨਾਲ ਸਰਕਾਰੀ ਨੌਕਰੀ ਕੀਤੀ ਹੈ। ਹੋ ਸਕਦਾ ਹੈ ਕਿ ਉਹ ਆਪਣੇ ਪਤੀ ਜਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਮਦਦ ਲਈ ਅਸਤੀਫਾ ਦੇ ਸਕਦੇ ਹਨ ਕਿਉਂਕਿ ਗੁਰਪ੍ਰੀਤ ਸਿੰਘ ਮਲੂਕਾ ਬੜੇ ਹੀ ਨਰਮ ਸੁਭਾਅ ਦੇ ਮਾਲਕ ਹਨ ਅਤੇ ਉਹ ਲੰਮੇ ਸਮੇਂ ਤੋਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਤੇ ਬਠਿੰਡਾ ਜਿਲ੍ਹੇ ਦੀ ਸੇਵਾ ਕਰ ਚੁੱਕੇ ਹਨ ਅਤੇ ਸਮਾਜ ਸੇਵਾ ਨਾਲ ਵੀ ਜੁੜੇ ਹਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੇ ਸ਼ੁਰੂ ਤੋਂ ਹੀ ਖਾਸ ਕਰ ਮਾਨਸਾ-ਬਠਿੰਡਾ ਦੇ ਲੋਕਾਂ ਨਾਲ ਮੇਲ-ਮਿਲਾਪ ਹੋਣ ਕਾਰਨ ਮਲੂਕਾ ਪਰਿਵਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣ ਸਕਦਾ ਹੈ। ਉਨ੍ਹਾਂ ਦਾ ਬਠਿੰਡਾ ਅਤੇ ਮਾਨਸਾ ਜਿਲ੍ਹੇ ਦੇ ਟਕਸਾਲੀ ਅਕਾਲੀਆਂ ਨਾਲ ਗਹਿਰਾ ਲਗਾਅ ਹੋਣ ਕਾਰਨ ਉਹ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੋ ਸਕਦੇ ਹਨ। ਹਾਲਾਂਕਿ ਉਨ੍ਹਾਂ ਦੇ ਨੇੜਲਿਆਂ ਨੇ ਅਜਿਹੀਆਂ ਅਫਵਾਹਾਂ ਨੂੰ ਸੱਚਾਈ ਤੋਂ ਦੂਰ ਦੱਸਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦਾ ਇਰਾਦਾ ਕੋਈ ਨਹੀਂ ਹੈ। ਸਿਆਸੀ ਗਲਿਆਰਿਆਂ ਵਿੱਚ ਉਨ੍ਹਾਂ ਦੇ ਅਸਤੀਫੇ ਨੂੰ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਚਰਚਾ ਹੈ ਕਿ ਪਰਮਪਾਲ ਕੌਰ ਮਲੂਕਾ ਕਿਸੇ ਰਾਜਨੀਤਿਕ ਪਾਰਟੀ ਦਾ ਪੱਲਾ ਫੜ ਸਕਦੇ ਹਨ ਜੋ ਕਿ ਇਕ ਮਜਬੂਤ ਪੜ੍ਹੇ-ਲਿਖੇ ਅਤੇ ਨਰਮ ਸੁਭਾਅ ਦੇ ਉਮੀਦਵਾਰ ਹੋਣਗੇ। ਸੂਤਰਾਂ ਅਨੁਸਾਰ ਉਨ੍ਹਾਂ ਦੀ ਕਿਸੇ ਰਾਜਨੀਤਿਕ ਪਾਰਟੀ ਨਾਲ ਅੰਦਰੋਂ-ਅੰਦਰੀ ਗੰਢ ਤੁੱਪ ਹੋ ਚੁੱਕੀ ਹੈ ਅਤੇ ਇਸ ਦਾ ਐਲਾਨ ਪੰਜਾਬ ਦੀ ਸਿਆਸਤ ਵਿੱਚ ਇੱਕ ਧਮਾਕੇ ਵਜੋਂ ਹੋ ਸਕਦਾ ਹੈ। ਸੰੰਭਾਵਨਾ ਇਹ ਹੈ ਕਿ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਸਕਦੇ ਹਨ। ਬਠਿੰਡਾ ਲੋਕ ਸਭਾ ਸੀਟ ਪਹਿਲਾਂ ਤੋਂ ਹੀ ਹਾਟ ਮੰਨੀ ਜਾ ਰਹੀ ਹੈ ਅਤੇ ਜੇਕਰ ਪਰਮਪਾਲ ਕੌਰ ਮਲੂਕਾ ਚੋਣ ਮੈਦਾਨ ਵਿੱਚ ਨਿੱਤਰਦੇ ਹਨ ਤਾਂ ਇਸ ਸੀਟ ਤੇ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਔਰਤਾਂ ਦਾ ਫਸਵਾਂ ਮੁਕਾਬਲਾ ਹੋ ਸਕਦਾ ਹੈ। ਬੀਬਾ ਮਲੂਕਾ ਦੇ ਅਸਤੀਫੇ ਪਿੱਛੇ ਕੋਈ ਗੱਲ ਜਰੂਰ ਹੈ। ਜਿਸ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਸੰਭਾਵਨਾਵਾਂ ਦੇਖੀਆਂ ਅਤੇ ਲਗਾਈਆਂ ਜਾ ਸਕਦੀਆਂ ਹਨ। ਪਰ ਇਸ ਅਸਤੀਫੇ ਨੂੰ ਇਵੇਂ ਵੀ ਨਹੀਂ ਕਿਹਾ ਜਾ ਸਕਦਾ। ਸਿਆਸੀ ਮਾਹਰ ਦੱਸਦੇ ਹਨ ਕਿ ਇਹ ਅਸਤੀਫਾ ਧਮਾਕਾ ਕਰ ਸਕਦਾ ਹੈ ਅਤੇ ਇਸ ਨਾਲ ਆਉਂਦੇ ਦਿਨਾਂ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਉੱਥਲ-ਪੁੱਥਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
