
ਬੁਢਲਾਡਾ 18 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ)– ਸਥਾਨਕ ਸ਼ਹਿਰ ਦੇ ਵਾਰਡ ਨੰਬਰ 4 ਦੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਵਲ ਹਸਪਤਾਲ ਬੁਢਲਾਡਾ ਵਿਖੇ ਮਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਲਈ ਪੁੱਜੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਜੋਤ ਸਿੰਘ ਜੋਤੀ ਉਮਰ 27 ਸਾਲ ਪੁੱਤਰ ਅਮਰੀਕ ਸਿੰਘ ਜੋ ਕਿ ਬੀਤੇ ਕੱਲ ਘਰੋਂ ਦਵਾਈ ਲੈਣ ਲਈ ਮਾਨਸਾ ਵਿਖੇ ਗਿਆ ਪਰ ਵਾਪਸ ਘਰ ਨਹੀਂ ਪਰਤਿਆ। ਜਿਸ ਸਬੰਧੀ ਅੱਜ ਕਿਸੇ ਵੱਲੋਂ ਦੱਸਣ ਤੇ ਪੜਤਾਲ ਕੀਤੀ ਤਾਂ ਹਰਜੋਤ ਸਿੰਘ ਜੋਤੀ ਦੀ ਲਾਸ਼ ਅਹਿਮਦਪੁਰ ਚੋਅ ਡਰੇਨ ਨੇੜੇ ਪਈ ਮਿਲੀ ਜਿਸ ਨੂੰ ਪੁਲਿਸ ਪੁਲਿਸ ਦੀ ਸਹਾਇਤਾ ਨਾਲ ਸਰਕਾਰੀ ਸਿਵਲ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ ਹੈ। ਵਾਰਡ ਕੌਂਸਲਰ ਤਾਰੀ ਸਿੰਘ ਫੌਜੀ ਨੇ ਦੱਸਿਆ ਕਿ ਮਿਰਤਕ ਨੌਜਵਾਨ ਆਪਣੇ ਪਿਤਾ ਨਾਲ ਟਰੱਕ ਤੇ ਕੰਡਕਟਰ ਦਾ ਕੰਮ ਕਰਦਾ ਸੀ। ਥਾਣਾ ਸ਼ਹਿਰੀ ਬੁਢਲਾਡਾ ਦੇ ਸਹਾਇਕ ਥਾਣੇਦਾਰ ਜਸਕਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਦੇ ਬਿਆਨਾਂ ‘ਤੇ ਇਸ ਸਬੰਧੀ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
