ਫਗਵਾੜਾ 6 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸ਼੍ਰੀ ਗੁਰੂ ਰਵਿਦਾਸ ਸਭਾ ਰਜਿ. ਅਰਬਨ ਅਸਟੇਟ ਫਗਵਾੜਾ ਦੀ ਇਕ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਜਗਨ ਨਾਥ ਬਾਂਸਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 648ਵਾਂ ਜਨਮ ਉਤਸਵ ਮਿਤੀ 11 ਤੇ 12 ਫਰਵਰੀ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਜਗਨ ਨਾਥ ਬਾਂਸਲ, ਜਨਰਲ ਸਕੱਤਰ ਘਣਸ਼ਾਮ ਅਤੇ ਕੈਸ਼ੀਅਰ ਸਰਵਣ ਰਾਮ ਬਿਰਹਾ ਨੇ ਦੱਸਿਆ ਕਿ ਪਹਿਲੇ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਸ਼੍ਰੀ ਨਿਸ਼ਾਨ ਸਾਹਿਬ ਦੀ ਰਸਮ ਹੋਵੇਗੀ। ਉਪਰੰਤ ਦੁਪਿਹਰ ਨੂੰ ਸ੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਤੋਂ ਸਜਾਈ ਜਾਣ ਵਾਲੀ ਸ਼ੋਭਾਯਾਤਰਾ ਵਿਚ ਹਿੱਸਾ ਲਿਆ ਜਾਵੇਗਾ। ਸ਼ਾਮ 6.30 ਵਜੇ ਅੰਮ੍ਰਿਤਬਾਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਠ ਦਾ ਭੋਗ ਪਾਇਆ ਜਾਵੇਗਾ। ਉਪਰੰਤ ਭਾਈ ਪਵਨ ਕੁਮਾਰ ਜਲੰਧਰ ਵਾਲੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ। ਬੁੱਧੀਜੀਵੀ ਵਿਦਵਾਨਾਂ ਵਲੋਂ ਗੁਰੂ ਮਹਾਰਾਜ ਦੇ ਜੀਵਨ ਅਤੇ ਫਲਸਫੇ ਬਾਰੇ ਵਿਚਾਰ ਪੇਸ਼ ਕੀਤੇ ਜਾਣਗੇ। ਰਾਤ 8 ਵਜੇ ਸਭਾ ਵਲੋਂ ਦਾਨੀ ਸੱਜਣਾਂ ਦਾ ਮਾਣ-ਸਤਿਕਾਰ ਕੀਤਾ ਜਾਵੇਗਾ। ਦੂਸਰੇ ਦਿਨ ਬੁੱਧਵਾਰ ਨੂੰ ਸਵੇਰੇ 10.30 ਵਜੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਅਤੇ ਦੁਪਿਹਰ 12 ਵਜੇ ਜੋਗਿੰਦਰ ਪਾਲ ਝਿੱਕਾ ਜਰਮਨ ਵਾਲੇ ਮਿਸ਼ਨਰੀ ਗੀਤ ਪੇਸ਼ ਕਰਨਗੇ। ਹਜੂਰੀ ਰਾਗੀ ਭਾਈ ਕਰਮ ਸਿੰਘ ਜਲੰਧਰ ਵਾਲੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਪਰੰਤ ਬੁੱਧੀਜੀਵੀ ਵਿਚਾਰ ਚਰਚਾ ਹੋਵੇਗੀ। ਸਭਾ ਵਲੋਂ ਸਮੂਹ ਸਹਿਯੋਗੀਆਂ ਤੇ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ। ਦੋਵੇਂ ਦਿਨ ਚਾਹ ਪਕੌੜੇ, ਗੁਰੂ ਕਾ ਲੰਗਰ ਅਤੁੱਟ ਵਰਤਾਏ ਜਾਣਗੇ। ਉਹਨਾਂ ਸੰਗਤਾਂ ਨੂੰ ਪਰਿਵਾਰਾਂ ਸਮੇਤ ਉਕਤ ਸਮਾਗਮ ਵਿਚ ਸ਼ਾਮਲ ਹੋ ਕੇ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਲੈਣ ਦੀ ਪੁਰਜੋਰ ਅਪੀਲ ਵੀ ਕੀਤੀ। ਇਸ ਮੌਕੇ ਸਭਾ ਦੇ ਫਾਉਂਡਰ ਜਨਰਲ ਸਕੱਤਰ ਪ੍ਰੇਮਨਾਥ ਸਰੋਏ, ਮੀਤ ਪ੍ਰਧਾਨ ਅਵਤਾਰ ਦਰਦੀ, ਗੁਰਦਾਵਰ ਰਾਮ, ਸ਼ਿੰਗਾਰਾ ਰਾਮ ਬਿਰਦੀ, ਸਕੱਤਰ ਆਰ.ਕੇ. ਸੰਧੂ, ਸਹਿ ਸਕੱਤਰ ਹਰਜਸਪਾਲ, ਡਾ. ਅਨਿਲ ਸੀਂਹਮਾਰ ਸੰਗਠਨ ਸਕੱਤਰ, ਲੁਪਿੰਦਰ ਕੁਮਾਰ ਪ੍ਰੈਸ ਸਕੱਤਰ ਤੋਂ ਇਲਾਵਾ ਸਤਨਾਮ ਸਿੰਘ ਕਲਸੀ, ਜਰਨੈਲ ਸਿੰਘ, ਰਾਮਜੀ ਬਾਂਸਲ, ਕੇ.ਕੇ. ਗੁਰੂ, ਜਗਜੀਤ ਸਿੰਘ ਆਦਿ ਹਾਜਰ ਸਨ।