ਮਾਨਸਾ 18 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ) : ਸਥਾਨਕ ਸ਼ਹਿਰ ਦੇ ਐਸ.ਡੀ.ਕੇ.ਐਲ. ਡੀ.ਏ.ਵੀ. ਪਬਲਿਕ ਸਕੂਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਦਿਆਰਥੀਆਂ ਦੇ ਧਾਰਮਿਕ ਗਾਇਨ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡੀ.ਏ.ਵੀ. ਸਕੂਲ ਸ਼੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਸੰਗੀਤਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਵਿਸ਼ਾ ਧਾਰਮਿਕ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦਾ ਚਹੁਮੁਖੀ ਵਿਕਾਸ ਕਰਨ ਕਰਨ ਦੇ ਮੰਤਵ ਨਾਲ ਸਕੂਲ ਵੱਲੋਂ ਸਮੇਂ—ਸਮੇਂ ਤੇ ਵੱਖ—ਵੱਖ ਮੌਕਿਆਂ ਤਹਿਤ ਮੁਕਾਬਲੇ ਕਰਵਾਏ ਜਾਂਦੇ ਹਨ, ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੀ ਸੰਸਕ੍ਰਿਤੀ ਅਤੇ ਤਿਓਹਾਰਾਂ ਦੀ ਜਾਣਕਾਰੀ ਮਿਲ ਸਕੇ।ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਗੁਰੂਆਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਜਿਸ ਉਪਰ ਅਮਲ ਕਰਕੇ ਅਸੀਂ ਆਪਣਾ ਜੀਵਨ ਸਫ਼ਲ ਬਣਾ ਸਕਦੇ ਹਾਂ। ਇਸ ਮੁਕਾਬਲੇ ਵਿੱਚ ਜੱਜਮੈਂਟ ਕਰਨ ਦੀ ਭੁਮਿਕਾ ਸ਼੍ਰੀ ਅਰੁਣ ਅਰੋੜਾ ਵੱਲੋਂ ਨਿਭਾਈ ਗਈ।ਜੇਤੂ ਵਿਦਿਆਰਥੀਆਂ ਦਾ ਸਨਮਾਨ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਵੱਲੋਂ ਕੀਤਾ ਗਿਆ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।ਇਸ ਮੁਕਾਬਲੇ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਪ੍ਰਿੰਸੀਪਲ ਨੇ ਮੈਡਮ ਰਿਤੂ ਜਿੰਦਲ, ਸੰਗੀਤ ਅਧਿਆਪਕ ਡਾ. ਨੀਰੂ ਸ਼ਰਮਾ ਅਤੇ ਮਨਪ੍ਰੀਤ ਕੌਰ ਦੀ ਸ਼ਲਾਘਾ ਕੀਤੀ।ਉਨ੍ਹਾਂ ਇਸ ਮੁਕਾਬਲੇ ਵਿੱਚ ਵਧੀਆ ਢੋਲਕ ਵਾਦਨ ਕਰਨ ਲਈ ਅੱਠਵੀਂ ਜਮਾਤ ਦੇ ਵਿਦਿਆਰਥੀ ਸਮਰ ਸ਼ਰਮਾ ਦੀ ਵੀ ਸਰਾਹਨਾ ਕੀਤੀ। ਇਸ ਮੌਕੇ ਸਕੂਲ ਦੇ ਛੋਟੇ ਬੱਚਿਆਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਪਾਵਨ ਮੌਕੇ ਤੇ ਮੂਲ ਮੰਤਰ ਦਾ ਜਾਪ ਕਰਕੇ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ।