13,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਸੁਰੱਖਿਆ ਬਲਾਂ ਦੀ ਬੱਸ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ ‘ਚ 2 ਜਵਾਨ ਸ਼ਹੀਦ ਹੋ ਗਏ ਹਨ, ਜਦਕਿ 12 ਜ਼ਖਮੀ ਹੋਏ ਹਨ। ਹਮਲੇ ‘ਚ ਇੱਕ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਘਟਨਾ ਤੋਂ ਬਾਅਦ ਜ਼ਖ਼ਮੀ ਜਵਾਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।
ਮੁੱਢਲੀ ਜਾਣਕਾਰੀ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਦੋ ਤੋਂ ਤਿੰਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਬੱਸ ‘ਤੇ ਗੋਲੀਬਾਰੀ ਕੀਤੀ। ਜਵਾਨਾਂ ਨਾਲ ਭਰੀ ਬੱਸ ਸ੍ਰੀਨਗਰ ਦੇ ਬਾਹਰਵਾਰ ਜਵਾਨ ਸਥਿਤ ਪੁਲਿਸ ਟਰੇਨਿੰਗ ਕਾਲਜ ਵੱਲ ਜਾ ਰਹੀ ਸੀ। ਇਸ ਬੱਸ ਵਿੱਚ ਜੰਮੂ-ਕਸ਼ਮੀਰ ਆਰਮਡ ਪੁਲਿਸ ਦੀ ਨੌਵੀਂ ਬਟਾਲੀਅਨ ਦੇ ਜਵਾਨ ਸਵਾਰ ਸੀ।
ਦੱਸ ਦਈਏ ਕਿ ਜ਼ਿਲ੍ਹੇ ‘ਚ ਨਾ ਸਿਰਫ ਜੰਮੂ-ਕਸ਼ਮੀਰ ਪੁਲਿਸ ਦਾ ਟਰੇਨਿੰਗ ਸੈਂਟਰ ਹੈ, ਸਗੋਂ ਫੌਜ ਅਤੇ ਸੀਆਰਪੀਐੱਫ ਦੇ ਵੀ ਕਈ ਕੈਂਪ ਹਨ।
ਦੋ ਅੱਤਵਾਦੀ ਮਾਰੇ ਗਏ
ਇਸ ਤੋਂ ਪਹਿਲਾਂ ਦਿਨ ‘ਚ ਸ਼੍ਰੀਨਗਰ ਦੇ ਬਾਹਰਵਾਰ ਸੁਰੱਖਿਆ ਬਲਾਂ ਨੇ ਦੋ ਅਣਪਛਾਤੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਹ ਮੁਕਾਬਲਾ ਰੰਗਰੇਠ ਇਲਾਕੇ ‘ਚ ਹੋਇਆ। ਕਸ਼ਮੀਰ ਜ਼ੋਨ ਪੁਲਿਸ ਨੇ ਟਵਿੱਟਰ ‘ਤੇ ਕਿਹਾ ਕਿ ਦੋ ਅੱਤਵਾਦੀ ਮਾਰੇ ਗਏ ਹਨ, ਜਿਨ੍ਹਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।