ਸੰਗਰੂਰ, 14 ਅਗਸਤ 2021 (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ‘ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ’ ਵੱਲੋਂ ਪੰਜਾਬ ਸਰਕਾਰ ਨੂੰ ਆਪਣਾ ਘਰ-ਘਰ ਰੁਜ਼ਗਾਰ ਦਾ ਵਾਅਦਾ ਚੇਤੇ ਕਰਵਾਉਣ, ਇਸ ਮਸਲੇ ਤੇ ਕਾਂਗਰਸ ਸਰਕਾਰ ਦੀ ਚੁੱਪ ਤੁੜਵਾਉਣ ਅਤੇ ਰਾਸ਼ਟਰੀ/ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਗੱਲ ਪਹੁਚਾਉਣ ਲਈ ਅੱਜ 14 ਅਗਸਤ ਦੀ ਸਵੇਰ 7 ਵਜੇ ਤੋਂ ਲੈਕੇ ਵੱਡੀ ਗਿਣਤੀ ‘ਚ ਬੇਰੁਜ਼ਗਾਰਾਂ ਨੇ #captain _rozgar_do ਦੇ ਟਵੀਟ ਕਰਕੇ ਰੁਜ਼ਗਾਰ ਦੇਣ ਦੀ ਮੰਗ ਕੀਤੀ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 74 ਸਾਲ ਪੂਰੇ ਹੋਣ ਮਗਰੋਂ ਵੀ ਨੌਜਵਾਨੀ ਬੇਰੁਜ਼ਗਾਰੀ ਝੱਲਦੀ ਦਰ-ਦਰ ਠੋਕਰਾਂ ਖਾਣ ਨੂੰ ਮਜਬੂਰ ਹੈ। ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਤਾਂ ਘਰ-ਘਰ ਰੁਜ਼ਗਾਰ ਅਤੇ ਰੁਜ਼ਗਾਰ ਮਿਲਣ ਤੱਕ 2500 ਰੁਪਏ ਪ੍ਰਤੀ ਬੇਰੁਜ਼ਗਾਰੀ ਭੱਤਾ ਦੇਣ ਦਾ ਚੋਣ ਵਾਅਦਾ ਕੀਤਾ ਸੀ। ਜਿਸਦੀ ਪੂਰਤੀ ਕਰਵਾਉਣ ਲਈ ਬੇਰੁਜ਼ਗਾਰ ਨੌਜਵਾਨ ਵੱਖ ਵੱਖ ਤਰੀਕਿਆਂ ਨਾਲ ਸੰਘਰਸ਼ ਕਰ ਰਹੇ ਹਨ। ਵਿੱਦਿਅਕ ਅਤੇ ਸਿਹਤ ਵਿਭਾਗ ਦੀਆਂ ਡਿਗਰੀਆਂ ਪ੍ਰਾਪਤ ਬੇਰੁਜ਼ਗਾਰ ਨੌਜਵਾਨ “ਬੇਰੁਜ਼ਗਾਰ ਸਾਂਝੇ ਮੋਰਚੇ” ਦੀ ਅਗਵਾਈ ਵਿੱਚ ਕਰੀਬ ਸਾਢੇ ਸੱਤ ਮਹੀਨੇ ਤੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਨੂੰ ਘੇਰਾ ਪਾਕੇ ਬੈਠੇ ਹੋਏ ਹਨ। ਜਿੰਨਾਂ ਦੀ ਮੰਗ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ, ਬੇਰੁਜ਼ਗਾਰ ਡੀ ਪੀ ਈ, ਬੇਰੁਜ਼ਗਾਰ ਪੀ ਟੀ ਆਈ, ਬੇਰੁਜ਼ਗਾਰ ਆਰਟ ਐਂਡ ਕਰਾਫਟ ਅਤੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ।
ਆਗੂਆਂ ਨੇ ਕਿਹਾ ਕਿ ਟਵੀਟ ਰਾਹੀਂ ਮੋਰਚੇ ਦੀ ਇਹ ਮੰਗ ਜਿੱਥੇ ਮੋਰਚੇ ਵਿੱਚ ਸ਼ਾਮਿਲ ਬੇਰੁਜ਼ਗਾਰਾਂ ਦੇ ਰੁਜ਼ਗਾਰ ਨਾਲ ਸਬੰਧਤ ਹੈ ਉਥੇ ਸਮੁੱਚੇ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਨਾਲ ਵੀ ਸਬੰਧਤ ਹੈ। ਉਨ੍ਹਾਂ ਇਸ ਤੋਂ ਪਹਿਲਾਂ ਇੱਕ ਵੱਖਰੀ ਅਪੀਲ ਰਾਹੀ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿੱਚ ਵਸਦੇ ਬੇਰੁਜ਼ਗਾਰਾਂ, ਪ੍ਰਵਾਸੀ ਭਾਰਤੀ ਅਤੇ ਪੰਜਾਬੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਵੀ ਬੇਰੁਜ਼ਗਾਰਾਂ ਦੀ ਮੁਹਿੰਮ ਲਈ ਸਮੁੱਚੇ ਅਧਿਆਪਕ ਵਰਗ ਨੂੰ ਬੇਰੁਜ਼ਗਾਰਾਂ ਦੇ ਹੱਕ ਵਿੱਚ ਟਵੀਟ ਅਪੀਲ ਕੀਤੀ।
ਖ਼ਬਰ ਲਿਖੇ ਜਾਣ ਤੱਕ ਵੱਡੀ ਗਿਣਤੀ ਵਿੱਚ ਟਵੀਟ ਹੋ ਚੁੱਕੇ ਸਨ ਅਤੇ ਮੁਹਿੰਮ ਲਗਾਤਾਰ ਜਾਰੀ ਸੀ। ਸ੍ਰ. ਢਿੱਲਵਾਂ ਨੇ ਕਿਹਾ ਕਿ ਯਕੀਨਨ ਇਸ ਵਾਰ ਅਜ਼ਾਦੀ ਦਿਵਸ ਦੇ ਜਸ਼ਨਾਂ ਮੌਕੇ ਕਿਸਾਨੀ ਦੇ ਨਾਲ ਨਾਲ ਬੇਰੁਜ਼ਗਾਰ ਨੌਜਵਾਨੀ ਦੀ ਮੰਗ ਉਭਰੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨੂੰ ਉਦੋਂ ਤੱਕ ਘਰ ਨਹੀਂ ਵੜਨ ਦੇਣਗੇ ਜਦੋਂ ਤੱਕ ਰੁਜ਼ਗਾਰ ਨਹੀਂ ਦਿੱਤਾ ਜਾਂਦਾ। ਇਸ ਮੌਕੇ ਜਗਸੀਰ ਸਿੰਘ ਘੁਮਾਣ, ਰਵਿੰਦਰ ਸਿੰਘ, ਗਗਨਦੀਪ ਕੌਰ, ਅਮਨ ਸੇਖਾ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।