
ਫਗਵਾੜਾ 7 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਆਪਣੇ ਸੰਗਠਨ ਅਤੇ ਸਾਥੀਆਂ ਦੇ ਸਹਿਯੋਗ ਨਾਲ ਮੌਜੂਦਾ ਬਰਸਾਤ ਦੇ ਮੌਸਮ ਵਿਚ ਇਕ ਹਜ਼ਾਰ ਬੂਟੇ ਲਗਾਉਣ ਦਾ ਸੰਕਲਪ ਲਿਆ ਹੈ। ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਆਪਣੇ ਪੁੱਤਰ ਯਤਿਨ ਸਰੋਜ ਦੇ ਜਨਮ ਦਿਨ ’ਤੇ ਪਿੰਡ ਬਰਨ ਤੋਂ ਕੀਤੀ। ਜਿਸ ਤੋਂ ਬਾਅਦ ਫਗਵਾੜਾ ਦੇ ਜੀ.ਟੀ. ਵਿਖੇ ਸਟਾਲ ਲਗਾ ਕੇ ਵਾਤਾਵਰਨ ਪ੍ਰੇਮੀਆਂ ਨੂੰ ਬੂਟੇ ਵੰਡਦਿਆਂ ਵਾਤਾਵਰਨ ਦੀ ਸੰਭਾਲ ਲਈ ਸਹਿਯੋਗ ਦੇਣ ਦਾ ਸੱਦਾ ਦਿੱਤਾ। ਇਸ ਦੌਰਾਨ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ, ਸੀਨੀਅਰ ‘ਆਪ’ ਆਗੂ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਪਰਸਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਕੇਕ ਕੱਟ ਕੇ ਯਤਿਨ ਸਰੋਜ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਨਾਲ ਹੀ ਬੂਟੇ ਵੰਡਣ ਵਿੱਚ ਸਹਿਯੋਗ ਦਿੰਦੇ ਹੋਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਚੇਅਰਮੈਨ ਤਵਿੰਦਰ ਰਾਮ ਨੇ ਬੂਟੇ ਲੈਣ ਵਾਲਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਬੂਟੇ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਨਾ ਸਿਰਫ ਢੁੱਕਵੀਂ ਥਾਂ ’ਤੇ ਬੂਟੇ ਲਗਾਉਣ ਸਗੋਂ ਹਰੰ ਰੁੱਖ ਦਾ ਰੂਪ ਧਾਰਨ ਕਰਨ ਤੱਕ ਉਸ ਦੀ ਪੂਰੀ ਸੰਭਾਲ ਵੀ ਕਰਨ। ਤਾਂ ਜੋ ਇਹ ਦਰਖ਼ਤ ਆਉਣ ਵਾਲੀਆਂ ਪੀੜ੍ਹੀਆਂ ਲਈ ਸਹਾਰਾ ਬਣੇ ਰਹਿਣ। ਕਮਲ ਸਰੋਜ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦੀ ਸੰਸਥਾ ਵਾਤਾਵਰਨ ਸੰਭਾਲ ਲਈ ਕੰਮ ਕਰਦੀ ਰਹੇਗੀ ਅਤੇ ਸ਼ਿਵ ਸੈਨਾ ਦੇ ਮੈਂਬਰ ਆਪਣੇ ਜਨਮ ਦਿਨ ਅਤੇ ਹੋਰ ਸ਼ੁਭ ਮੌਕਿਆਂ ’ਤੇ ਬੂਟੇ ਲਗਾਉਣਗੇ।
